ਅੰਮ੍ਰਿਤਸਰ: ਇੱਕ ਹੋਟਲ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਹੋਟਲ ਦੀ ਲਿਫ਼ਟ ਵਿੱਚ ਦਮ ਘੁੱਟਣ ਨਾਲ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਪੈਂਦੇ ਬੈਸਟ ਵੈਸਟਰਨ ਹੋਟਲ ਦੇ ਕਰਮਚਾਰੀ ਦੀ ਲਾਸ਼ ਹੋਟਲ ਦੀ ਲਿਫ਼ਟ ਵਿੱਚੋਂ ਮਿਲੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬੈਸਟ ਵੈਸਟਰਨ ਹੋਟਲ ਦੇ ਵਿੱਚ ਕਰਮਚਾਰੀ ਦੇ ਤੌਰ ਉੱਤੇ ਨੌਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਲੜਕੇ ਦੀ ਹੋਟਲ ਵਾਲਿਆਂ ਨੇ ਨਾ ਤਾਂ ਪੁਲਿਸ ਨੂੰ ਅਤੇ ਨਾ ਹੀ ਸਾਨੂੰ ਇਤਲਾਹ ਦਿੱਤੀ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਾਡੇ ਲੜਕੇ ਦੀ ਲਿਫ਼ਟ ਦੇ ਵਿੱਚ ਆਉਣ ਨਾਲ ਮੌਤ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਹ ਇਸ ਲਾਸ਼ ਨੂੰ ਹੋਟਲ ਦੇ ਦਰਵਾਜ਼ੇ ਮੂਹਰੇ ਰੱਖ ਕੇ ਪ੍ਰਦਰਸ਼ਨ ਕਰਨਗੇ।
ਮੌਤ ਤੋਂ ਬਾਅਦ ਮੌਕੇ 'ਤੇ ਪਹੁੰਚੇ ਏ.ਸੀ.ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਸਤਬੀਰ ਸਿੰਘ ਵਜੋਂ ਹੋਈ ਹੈ। ਉਹ ਇਸ ਹੋਟਲ ਵਿੱਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਲਾਸ਼ ਕਿਹੜੇ ਹਲਾਤਾਂ ਵਿੱਚ ਹੋਈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੋਟਲ ਮਾਲਕਾਂ ਵੱਲੋਂ ਇਤਲਾਹ ਨਾ ਦਿੱਤੇ ਜਾਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।