ਬਠਿੰਡਾ : ਕਰਤਾਰਪੁਰ ਲਾਂਘਾ ਜੋ ਕੋਰੋਨਾ ਕਾਲ ਦੌਰਾਨ ਭਾਰਤ ਸਰਕਾਰ ਵਲੋਂ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਕੋਰੋਨਾ ਦੇ ਵੱਧ ਰਹੇ ਪ੍ਰਭਾਵ 'ਤੇ ਕੁਝ ਠੱਲ ਪਾਈ ਜਾ ਸਕੇ। ਇਸ ਨੂੰ ਲੈਕੇ ਦਮਦਮਾ ਸਾਹਿਬ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਕਿ ਭਾਰਤ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਸੰਗਤਾਂ ਦੇ ਦਰਸ਼ਨਾਂ ਲਈ ਬੰਦ ਕੀਤੇ ਹੋਏ ਇੱਕ ਸਾਲ ਦਾ ਸਮਾਂ ਹੋ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਕਿ ਕੋਰੋਨਾ ਕੇਸ ਕੁਝ ਮੱਧਮ ਪੈਣ ਤੋਂ ਬਾਅਦ ਬੇਸ਼ਕ ਪਾਕਿਸਤਾਨ ਸਰਕਾਰ ਵਲੋਂ ਲਾਂਘਾ ਮੁੜ ਖੋਲਣ ਦਾ ਐਲਾਨ ਕਰ ਦਿੱਤਾ ਸੀ, ਪਰ ਭਾਰਤ ਸਰਕਾਰ ਵਲੋਂ ਹੁਣ ਤੱਕ ਵੀ ਲਾਂਘਾ ਖੋਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ।
ਸਿੰਘ ਸਾਹਿਬ ਦਾ ਕਹਿਣਾ ਕਿ ਕਰਤਾਰਪੁਰ ਸਾਹਿਬ ਲਾਂਘਾ ਨਾ ਖੋਲ੍ਹਣ ਪਿੱਛੇ ਕੇਂਦਰ ਸਰਕਾਰ ਦੀ ਕੀ ਨੀਤੀ ਜਾਂ ਬਦਨੀਤੀ ਹੈ ਇਸ ਬਾਰੇ ਤਾਂ ਪਤਾ ਨਹੀਂ ਪਰ ਹੁਣ ਜਦੋਂ ਸਮੁੱਚੇ ਦੇਸ਼ ਅੰਦਰ ਧਾਰਮਿਕ ਅਸਥਾਨ ਖੁੱਲ੍ਹ ਚੁੱਕੇ ਹਨ ਅਤੇ ਦੇਸ਼ ਦੇ ਲੋਕ ਆਪੋ ਆਪਣੇ ਧਰਮਾਂ ਅਨੁਸਾਰ ਆਪਣੇ ਤਿੱਥ ਤਿਓਹਾਰ ਮਨਾ ਰਹੇ ਹਨ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਸਰਕਾਰ ਨੂੰ ਖੋਲ ਦੇਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਕਿ ਭਾਵੇਂ ਸਰਕਾਰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰ ਰੋਜ਼ 50 ਜਾਂ 100 ਸਿੱਖਾਂ ਨੂੰ ਹੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਦੀ ਹੀ ਇਜ਼ਾਜ਼ਤ ਦੇਵੇ ਪਰ ਹੁਣ ਲਾਂਘਾ ਖੋਲ੍ਹਣ ਦਾ ਐਲਾਨ ਜਰੂਰ ਕਰੇ ਤਾਂਕਿ ਸਿੱਖ ਆਪਣੇ ਪਾਵਨ ਧਾਰਮਿਕ ਅਸਥਾਨ ਤੇ ਸਿਜਦਾ ਕਰ ਸਕਣ।