ਅੰਮ੍ਰਿਤਸਰ: ਪੰਜਾਬ 'ਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੈਦਾਨ 'ਚ ਜ਼ਿਆਦਾ ਸਰਗਰਮ ਨਜ਼ਰ ਨਹੀਂ ਆ ਰਹੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਸਵਾਲ 'ਤੇ ਕਿਹਾ ਕਿ ਰਾਹੁਲ ਗਾਂਧੀ ਜੀ ਨੇ ਜੋ ਫੈਸਲਾ ਦਿੱਤਾ ਹੈ, ਅਸੀਂ ਸਾਰਿਆਂ ਨੇ ਇਸ ਦਾ ਸਵਾਗਤ ਕੀਤਾ ਹੈ।
ਸੰਦੀਪ ਦੀਕਸ਼ਿਤ ਵੱਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਦੇ ਖੋਲ੍ਹੇ ਗਏ ਰਾਜ਼
ਹਾਈਕਮਾਂਡ ਦੇ ਫੈਸਲੇ ਨਾਲ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਪ੍ਰੈਸ ਵਾਰਤਾ ਕੀਤੀ ਗਈ ਅਤੇ ਉਸ ਵਿਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਵੀ ਮੌਜੂਦ ਰਹੇ ਅਤੇ ਪ੍ਰੈੱਸ ਕਾਨਫ਼ਰੰਸ ਵਿੱਚ ਨਵਜੋਤ ਸਿੰਘ ਸਿੱਧੂ ਤੇ ਸੰਦੀਪ ਦੀਕਸ਼ਿਤ ਵੱਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਦੇ ਰਾਜ਼ ਖੋਲ੍ਹੇ ਗਏ।
'7 ਸਾਲਾਂ ਦੇ 'ਚ ਦਿੱਲੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਹੀਂ ਕੀਤਾ ਵਿਕਾਸ ਕਾਰਜ'
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 7 ਸਾਲਾਂ ਦੇ ਵਿੱਚ ਦਿੱਲੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ। ਇਸ ਦੇ ਨਾਲ ਹੀ ਸੰਦੀਪ ਦੀਕਸ਼ਿਤ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਜਦੋਂ ਸ਼ੀਲਾ ਦੀਕਸ਼ਿਤ ਤੇ ਮੁੱਖ ਮੰਤਰੀ ਸਨ, ਉਸ ਵੇਲੇ ਹੋਏ ਕੰਮਾਂ ਦੀ ਮੁਰੰਮਤ ਹੀ ਸਿਰਫ਼ ਦਿੱਲੀ ਸਰਕਾਰ ਹੁਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਰਟੀਆਈ ਦੇ ਜ਼ਰੀਏ ਪਤਾ ਕੀਤਾ ਕਿ 7 ਸਾਲਾਂ ਦੇ ਵਿਚ ਦਿੱਲੀ ਸਰਕਾਰ ਵੱਲੋਂ ਇਕ ਵੀ ਫਲਾਈਓਵਰ ਨਹੀਂ ਬਣਵਾਇਆ ਗਿਆ ਅਤੇ ਅਰਵਿੰਦ ਕੇਜਰੀਵਾਲ ਝੂਠੇ ਵਾਅਦੇ ਕਰ ਰਹੇ ਹਨ ਕਿ ਉਨ੍ਹਾਂ ਵੱਲੋਂ 20 ਤੋਂ ਵੱਧ ਫਲਾਈਓਵਰ ਬਣਾਏ ਗਏ ਹਨ।
'ਮੁਹੱਲਾ ਕਲੀਨਿਕ ਖੋਲ੍ਹ ਕੇ ਉਨ੍ਹਾਂ ਵਿਚ ਬਿਠਾਏ ਗਏ ਘੱਟ ਪੜ੍ਹੇ ਡਾਕਟਰ'
ਇਸ ਦੇ ਅੱਗੇ ਹੋਰ ਮੁਹੱਲਾ ਕਲੀਨਿਕ ਦੇ ਉੱਤੇ ਬੋਲਦੇ ਹੋਏ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਕਾਂਗਰਸ ਸਰਕਾਰ ਸਮੇਂ ਚਲਾਈਆਂ ਜਾ ਰਹੀਆਂ ਡਿਸਪੈਂਸਰੀਆਂ ਨੂੰ ਬੰਦ ਕਰਕੇ ਮੁਹੱਲਾ ਕਲੀਨਿਕ ਖੋਲ੍ਹ ਕੇ ਉਨ੍ਹਾਂ ਵਿਚ ਘੱਟ ਪੜ੍ਹੇ ਡਾਕਟਰ ਬਿਠਾਏ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਖ਼ੁਦ ਬਿਮਾਰ ਹੁੰਦੇ ਹਨ ਤਾਂ ਉਨ੍ਹਾਂ ਨੇ ਕਦੀ ਖੁਦ ਵੀ ਇਸ ਮੁਹੱਲਾ ਕਲੀਨਿਕ ਤੋਂ ਦਵਾਈ ਨਹੀਂ ਲਈ।
ਇਹ ਵੀ ਪੜ੍ਹੋ: ਅਮਿਤ ਸ਼ਾਹ ਦੀ ਰੈਲੀ ਨੂੰ ਲੈਕੇ ਵਰਕਰਾਂ 'ਚ ਭਾਰੀ ਉਤਸ਼ਾਹ : ਸ਼ੇਖਾਵਤ
ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਦੇ ਸਕੂਲਾਂ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਹਜ਼ਾਰ ਸਕੂਲਾਂ ਦੇ ਵਿਚੋਂ 100 ਸਕੂਲ ਹੀ ਅਰਵਿੰਦ ਕੇਜਰੀਵਾਲ ਵੱਲੋਂ ਮੁਰੰਮਤ ਕਰਵਾਏ ਗਏ ਹਨ ਬਾਕੀ ਸਕੂਲ ਉਸੇ ਤਰ੍ਹਾਂ ਹੀ ਹਨ, ਜੇਕਰ ਕੋਈ ਵਿਅਕਤੀ ਉਨ੍ਹਾਂ ਸਕੂਲ ਦੇ ਅੰਦਰ ਜਾ ਕੇ ਫੋਟੋ ਖਿੱਚਣੀ ਚਾਹਵੇ ਤਾਂ ਸਕੂਲ ਪ੍ਰਸ਼ਾਸਨ ਉਹ ਵੀ ਖਿੱਚਣ ਨਹੀਂ ਦਿੰਦਾ। ਇਸ ਦੇ ਨਾਲ ਹੀ ਬੋਲਦੇ ਹੋਏ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਦੇ ਸਮੇਂ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 16 ਲੱਖ ਦੇ ਕਰੀਬ ਬੱਚੇ ਪੜ੍ਹਾਈ ਕਰਦੇ ਸਨ ਪਰ ਜਦੋਂ ਤੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਹੁਣ 16 ਲੱਖ ਤੋਂ ਘੱਟ ਕੇ 15 ਲੱਖ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੇ ਆਉਣ ਨਾਲ ਬੱਚਿਆਂ ਦੀ ਗਿਣਤੀ ਘਟੀ ਹੈ ਨਾ ਕਿ ਵਧੀ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਦੀ ਕਮਾਨ ਆਮ ਆਦਮੀ ਪਾਰਟੀ ਦੇ ਹੱਥ ਸੌਂਪ ਦਿੱਤੀ ਜਾਵੇ ਤਾਂ ਜੋ ਪੰਜਾਬ ਦਾ ਕਰਜ਼ਾ ਹੈ ਉਹ ਦੁੱਗਣਾ ਹੋ ਜਾਵੇਗਾ ਅਤੇ ਫਿਰ 5 ਸਾਲਾਂ ਬਾਅਦ ਜਿਹੜੀ ਮਰਜ਼ੀ ਸਰਕਾਰ ਪੰਜਾਬ ਵਿੱਚ ਆ ਜਾਵੇ ਉਹ ਕਰਜ਼ਾ ਮੁਕਤ ਨਹੀਂ ਕਰ ਸਕਦੀ ਇਸ ਲਈ ਆਮ ਆਦਮੀ ਪਾਰਟੀ ਦੇ ਹੱਥ ਪੰਜਾਬ ਦੀ ਕਮਾਨ ਨਹੀਂ ਆਉਣੀ ਚਾਹੀਦੀ।
ਇਹ ਵੀ ਪੜ੍ਹੋ: ਫੇਕ ਨਿਊਜ਼ ਫੈਲਾਉਣ ਦੇ ਦੋਸ਼ 'ਚ 'ਆਪ' ਨੇ ਮਨਜਿੰਦਰ ਸਿਰਸਾ ਖਿਲਾਫ਼ ਕਰਵਾਈ ਸ਼ਿਕਾਇਤ ਦਰਜ