ਅਮ੍ਰਿਤਸਰ : ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹਾ ਵਿਖੇ ਵਾਪਰੇ ਘਟਨਾਕ੍ਰਮ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸਿੱਖ ਨੌਜਵਾਨ ਰਣਜੀਤ ਸਿੰਘ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਤਿਹਾੜ ਜੇਲ੍ਹ ਤੋਂ ਰਿਹਾਅ ਹੋਇਆ ਹੈ ਉਹ ਬੁੱਧਵਾਰ ਨੂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਵੇਗਾ।
ਇਹ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਹ ਰਣਜੀਤ ਸਿੰਘ ਸਮੇਤ 18 ਮਾਰਚ ਨੂੰ ਸਵੇਰੇ 10 ਵਜੇ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਣਗੇ ਜਿਸ ਤੋਂ ਬਾਅਦ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ।
ਦੱਸਣਯੋਗ ਹੈ ਕਿ ਸਿੱਖ ਨੌਜਵਾਨ ਰਣਜੀਤ ਸਿੰਘ ਨੂੰ ਦਿੱਲੀ ਪੁਲਿਸ ਵੱਲੋਂ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕਰਕੇ ਉਸ 'ਤੇ ਭਾਰੀ ਤਸ਼ੱਦਦ ਢਾਹਿਆ ਗਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋਈ ਸੀ। ਵੀਡੀਓ ਵੀਇਰਲ ਹੋਣ ਤੋਂ ਬਾਅਦ ਦਿੱਲੀ ਸਿੱਖ ਗੁਰਦਵਾਰਾ ਮਨੇਜਮੈਂਟ ਕਮੇਟੀ ਵੱਲੋਂ ਸਥਾਪਿਤ ਕੀਤਾ ਲੀਗਲ ਸੈੱਲ ਅੱਗੇ ਆਇਆ ਤੇ ਉਨ੍ਹਾਂ ਕੇਸ ਦੀ ਪੈਰਵਈ ਕਰ ਕੇ ਉਨ੍ਹਾਂ ਨੂੰ ਰਿਹਾਅ ਕਰਵਾਇਆ।