ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 'ਰੇਲ ਰੋਕੋ ਅੰਦੋਲਨ' 30ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਦੱਸ ਦਈਏ ਕਿਸਾਨਾਂ ਨੇ ਮਾਲ ਗੱਡੀਆਂ ਲੰਘਣ ਲਈ ਥਾਂ ਛੱਡ ਦਿੱਤੀ ਹੈ।
ਸੂਬਾ ਜਰਨਲ ਸੱਕਤਰ ਸਰਵਣ ਸਿੰਘ ਪੰਧੇਰ ਨੇ ਇੱਕਠ ਨੂੰ ਸੰਬੋਧਨ ਕਰਦੇ ਕਿਹਾ ਕਿ ਅੰਮ੍ਰਿਤਸਰ ਦੇ ਦੇਵੀਦਾਸਪੁਰਾ 'ਚ 'ਰੇਲ ਰੋਕੋ ਅੰਦੋਲਨ' 29 ਅਕਤੂਬਰ ਤੱਕ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਆਉਣ ਵਾਲੀ ਮਾਲ ਗੱਡੀ ਨੂੰ ਨਿਕਲਣ ਲੱਗੇ ਕੋਈ ਦਿੱਕਤ ਨਹੀਂ ਆਵੇਗੀ। ਬਿਆਸ ਵਾਇਆ ਤਰਨਤਾਰਨ ਰਾਂਹੀ ਅੰਮ੍ਰਿਤਸਰ ਮਾਲ ਗੱਡੀ ਆਸਾਨੀ ਨਾਲ ਪਹੁੰਚ ਜਾਵੇਗੀ। ਇਨ੍ਹਾਂ ਮਾਲ ਗੱਡੀਆਂ ਨਾਲ ਡੀ.ਏ.ਪੀ ਖਾਦ, ਵਾਰਦਾਨਾ ਤੇ ਕਣਕ ਝੋਨੇ ਦੀ ਢੋਆ ਢੁਆਈ ਆਸਾਨੀ ਨਾਲ ਹੋ ਸਕਦੀ ਹੈ।
ਜਾਣਕਾਰੀ ਦਿੰਦੀਆਂ ਉਨ੍ਹਾਂ ਕਿਹਾ ਕਿ 25 ਅਕਤੂਬਰ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ 'ਚ ਬੀਬੀਆਂ ਦੇ ਇੱਕਠ ਵੱਲੋਂ ਮੋਦੀ ਤੇ ਉਸਦੇ ਜੋਟੀਦਾਰ ਅੰਬਾਨੀ ਅਡਾਨੀ ਦੇ ਪੁੱਤਲੇ ਫੁੱਕੇ ਜਾਣਗੇ।