ਅੰਮ੍ਰਿਤਸਰ: ਬੀਤੇ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚੋਂ ਹੜ੍ਹਾਂ ਦੀਆਂ ਵੱਖ-ਵੱਖ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨਾਲ ਲੋਕਾਂ ਦਾ ਵੱਡੀ ਪੱਧਰ ਉੱਤੇ ਨੁਕਸਾਨ ਹੁੰਦਾ ਸਾਫ਼ ਦਿਖਾਈ ਦੇ ਰਿਹਾ ਹੈ। ਇਸੇ ਦਰਮਿਆਨ ਬੀਤੇ ਕੱਲ੍ਹ ਸੋਮਵਾਰ ਨੂੰ ਸਮਾਰਟ ਸਿਟੀ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਵਿੱਚ ਸ਼ਹਿਰ ਨੂੰ ਜਲ ਮਗਨ ਹੁੰਦਾ ਦੇਖਣ ਤੋਂ ਇਲਾਵਾ ਬੀਤੀ ਰਾਤ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਕਈ ਪਿੰਡਾਂ ਵਿੱਚ ਪਾਣੀ ਭਰ ਜਾਣ ਕਾਰਨ ਕਾਫੀ ਨੁਕਸਾਨ ਹੋਇਆ ਹੈ।
ਬਿਆਸ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧਿਆ: ਇਸਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚੋਂ ਆ ਰਹੀ ਬਿਆਸ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਬੀਤੀ ਰਾਤ ਤੋਂ ਕਾਫੀ ਵੱਧ ਚੁੱਕਾ ਹੈ। ਇੱਕ ਪਾਸੇ ਜਿੱਥੇ ਇਸ ਕੁਦਰਤੀ ਆਫ਼ਤ ਦਰਮਿਆਨ ਪੰਜਾਬ ਦੇ ਵੱਖ-ਵੱਖ ਦਰਿਆ ਊਫ਼ਾਨ ਉੱਤੇ ਹਨ। ਉੱਥੇ ਹੀ ਹੁਣ ਹਿਮਾਚਲ ਤੋਂ ਬਾਅਦ ਪੰਜਾਬ ਵਿੱਚ ਵੀ ਬਿਆਸ ਦਰਿਆ ਚੜ੍ਹਦਾ ਦੇਖ ਲੋਕਾਂ ਦੇ ਸਾਹ ਸੁੱਕਦੇ ਨਜ਼ਰ ਆ ਰਹੇ ਹਨ।
ਬਿਆਸ ਦਰਿਆ 'ਤੇ ਤੈਨਾਤ ਅਧਿਕਾਰੀ ਨੇ ਦਿੱਤੀ ਜਾਣਕਾਰੀ: ਇਸ ਦੌਰਾਨ ਬਿਆਸ ਦਰਿਆ ਉੱਤੇ ਤੈਨਾਤ ਗੇਜ਼ ਰੀਡਰ ਉਮੇਦ ਸਿੰਘ ਵੱਲੋਂ ਫੋਨ ਉੱਤੇ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਬੀਤੀ ਰਾਤ ਤੋਂ ਅੱਜ ਦੁਪਹਿਰ ਦਰਮਿਆਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ 2 ਗੁਣਾ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ ਕੱਲ੍ਹ ਦੀ ਸ਼ਾਮ ਬਿਆਸ ਦਰਿਆ ਵਿੱਚ ਕਰੀਬ 21000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਜਦਕਿ ਸੋਮਵਾਰ ਰਾਤ 12 ਵਜੇ ਤੋਂ ਪਾਣੀ ਦਾ ਪੱਧਰ ਵੱਧਦਾ ਗਿਆ, ਜੋ ਸਵੇਰੇ ਕਰੀਬ 8 ਵਜੇ 46 ਹਜ਼ਾਰ 100 ਕਿਊਸਿਕ ਪਾਣੀ ਮਾਪਿਆ ਗਿਆ ਹੈ।
ਪਾਣੀ ਯੈਲੋ ਅਲਰਟ ਦੇ ਨੇੜੇ: ਗੇਜ਼ ਰੀਡਰ ਉਮੇਦ ਸਿੰਘ ਨੇ ਦੱਸਿਆ ਕਿ ਇਹ ਪਾਣੀ ਯੈਲੋ ਅਲਰਟ ਤੋਂ ਮਹਿਜ ਸਵਾ 2 ਫੁੱਟ ਹੇਠਾਂ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਦਰਿਆ ਬਿਆਸ ਵਿੱਚ ਪਾਣੀ ਦੀ ਮਾਤਰਾ ਵੱਧਣ ਨਾਲ ਹੁਣ ਦਰਿਆ ਦਾ ਪਾਣੀ ਮੰਡ ਹੇਠਲੇ ਹਿੱਸੇ ਕਪੂਰਥਲੇ ਜ਼ਿਲ੍ਹੇ ਦੀਆਂ ਫਸਲਾਂ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ ਸੋਮਵਾਰ ਰਾਤ ਨੂੰ ਜੇਕਰ ਉਪਰਲੇ ਖੇਤਰਾਂ ਤੋਂ ਮੁੜ ਤੋਂ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਹੇਠਲੇ ਹਿੱਸੇ ਦੀਆਂ ਜ਼ਮੀਨਾਂ ਵਿਚ ਪਾਣੀ ਭਰਨ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ।
- ਹੜ੍ਹਾਂ ਨਾਲ ਮੱਚੀ ਤਬਾਹੀ ਨੂੰ ਲੈ ਕੇ 'ਆਪ' ਵਲੰਟੀਅਰਾਂ ਨੇ ਕੱਸੀ ਕਮਰ, ਪ੍ਰਿੰਸੀਪਲ ਬੁੱਧਰਾਮ ਰਾਮ ਨੇ ਵੀਡੀਓ ਰਾਹੀ ਦਿੱਤਾ ਸੰਦੇਸ਼
- ਮੀਂਹ ਨਾਲ ਨੁਕਸਾਨੇ ਇਲਾਕਿਆਂ 'ਚ ਪਹੁੰਚੇ CM ਮਾਨ, ਪੰਜਾਬ ਦੇ ਲੋਕਾਂ ਨੂੰ ਕਿਹਾ-ਸਥਿਤੀ ਕਾਬੂ ਹੇਠ, ਘਬਰਾਉਣਾ ਨਹੀਂ...
- ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਲੋਕਾਂ ਦੀ ਮਦਦ ਕਰਨ ਦੇ ਹੁਕਮ ਜਾਰੀ
ਨੀਵੇਂ ਇਲਾਕੇ ਵਿੱਚ ਰਹਿੰਦੇ ਕਿਸਾਨਾਂ ਦੀ ਮੰਗ: ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਖੇਤਰ ਅਧੀਨ ਵਹਿੰਦੇ ਬਿਆਸ ਦਰਿਆ ਦਾ ਪਾਣੀ ਦੂਸਰੀ ਤਰਫ ਨੀਵਾ ਇਲਾਕਾ ਮੰਨੇ ਜਾਂਦੇ, ਜ਼ਿਲਾ ਕਪੂਰਥਲਾ ਦੇ ਖੇਤਾਂ ਵਿੱਚ ਤਕਰੀਬਨ ਹਰ ਸਾਲ ਮਾਰ ਕਰਦਾ ਹੈ ਅਤੇ ਇਸ ਨਾਲ ਕਈ ਸੋ ਏਕੜ ਫ਼ਸਲਾਂ ਤਬਾਹ ਹੋਣ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆ ਰਹੀਆਂ ਹਨ। ਜਿਸ ਲਈ ਲਈ ਢਾਹੇ ਕੰਢੇ ਉੱਤੇ ਰਹਿੰਦੇ ਕਿਸਾਨਾਂ ਵੱਲੋਂ ਦਰਿਆ ਦੇ ਕੰਢੇ-ਕੰਢੇ ਪੱਥਰਾਂ ਉੱਤੇ ਤਾਰਾਂ ਲਗਾ ਪੱਕਾ ਬੰਨ੍ਹ ਬਣਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਪਰ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਕਥਿਤ ਤੌਰ ਉੱਤੇ ਇਸ ਉੱਤੇ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਆਏ ਸਾਲ ਕਿਸਾਨਾਂ ਦੀਆਂ ਫਸਲਾਂ ਤਬਾਹ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਰਿਆ ਕੰਢੇ ਪੱਥਰਾਂ ਦੀ ਡੱਕ ਲਗਾ ਪੱਕਾ ਬੰਨ੍ਹ ਬਣਾਇਆ ਜਾਵੇ।