ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਦੀ ਹਾਰ ਤੋਂ ਬਾਅਦ ਖੁਸ਼ੀ ਵਿੱਚ ਲੱਡੂ ਵੰਡਦੇ ਦੀ ਵਾਇਰਲ ਵੀਡੀਓ ਤੋਂ ਬਾਅਦ ਖੜ੍ਹੇ ਹੋਏ ਵਿਵਾਦ ਨੂੰ ਲੈਕੇ ਹੌਲਦਾਰ ਸੰਦੀਪ ਸਿੰਘ ਮੀਡੀਆ ਸਾਹਮਣੇ ਆਏ ਹਨ ਅਤੇ ਵੀਡੀਓ ਬਣਾਉਣ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੇ ਵਿਵਾਦ ਬਾਰੇ ਉਨ੍ਹਾਂ ਖੁੱਲ ਕੇ ਗੱਲਾਂ ਦੱਸੀਆਂ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੌਲਦਾਰ ਸੰਦੀਪ ਸਿੰਘ ਨੇ ਕਿਹਾ ਕਿ ਬੀਤੇ ਦਿਨ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚੋਂ ਲੱਡੂ ਵੰਡਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੱਡੂ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੀ ਹਾਰ ਕਰਕੇ ਵੰਡੇ ਹਨ। ਪਿਛਲੇ ਦਿਨੀਂ ਹੌਲਦਾਰ ਸੰਦੀਪ ਸਿੰਘ ਦਾ ਡੋਪ ਟੈਸਟ ਕੀਤਾ ਗਿਆ ਸੀ ਇਸ ਦੇ ਬਾਰੇ ਗੱਲਬਾਤ ਕਰਦੇ ਹੋਏ ਹਵਲਦਾਰ ਨੇ ਕਿਹਾ ਕਿ ਇਹ ਡੋਪ ਟੈੱਸਟ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ਼ਰ ਪਾ ਕੇ ਕਰਵਾਇਆ ਸੀ।
ਨਵਜੋਤ ਸਿੰਘ ਸਿੱਧੂ ’ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਹੌਲਦਾਰ ਸੰਦੀਪ ਸਿੰਘ ਨੇ ਕਿਹਾ ਕਿ ਡਾਕਟਰਾਂ ਅਤੇ ਨਵਜੋਤ ਸਿੰਘ ਸਿੱਧੂ ਦੀ ਮਿਲੀਭੁਗਤ ਦੇ ਨਾਲ ਹੀ ਇਹ ਡੋਪ ਟੈਸਟ ਵਿੱਚ ਉਹ ਪਾਜ਼ੀਟਿਵ ਆਏ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਝੂਠ ਤੇ ਲਾਰਿਆਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨੂੰ ਕੁਝ ਨਹੀਂ ਦਿੱਤਾ ਇਸੇ ਕਰਕੇ ਹੀ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਗੱਦੀ ਤੋਂ ਲਾਹ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਸ ਨੂੰ ਨਵਜੋਤ ਸਿੰਘ ਸਿੱਧੂ ਦਾ ਕੋਈ ਡਰ ਨਹੀਂ ਅਤੇ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਇੱਕ ਸਟੇਜ ਤੋਂ ਆਪਣੇ ਸਾਥੀ ਦੇ ਮੋਢਿਆਂ ’ਤੇ ਹੱਥ ਰੱਖ ਕੇ ਕਿਹਾ ਸੀ ਕਿ ਇਹ ਮੁੰਡਾ ਜਦੋਂ ਖੰਘੂਰਾ ਮਾਰਦਾ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਂਦੀ ਹੈ ਤਾਂ ਉਸ ਵੇਲੇ ਇਸੇ ਹੌਲਦਾਰ ਸੰਦੀਪ ਸਿੰਘ ਨੇ ਉਸ ਨੂੰ ਲਾਈਵ ਹੋ ਕੇ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦਿੱਤਾ ਸੀ ਕਿ ਤੂੰ ਆ ਕੇ ਮੈਨੂੰ ਦਬਕਾ ਮਾਰ ਜੇ ਮੇਰੀ ਪੈਂਟ ਗਿੱਲੀ ਹੋ ਗਈ ਤਾਂ ਮੈਂ ਨੌਕਰੀ ਛੱਡ ਦੇਵਾਂਗਾ। ਉਦੋਂ ਤੋਂ ਹੀ ਨਵਜੋਤ ਸਿੰਘ ਸਿੱਧੂ ਅਤੇ ਹੌਲਦਾਰ ਸੰਦੀਪ ਸਿੰਘ ਦਾ ਵਿਵਾਦ ਚੱਲਦਾ ਰਿਹਾ ਸੀ।
ਇਹ ਵੀ ਪੜ੍ਹੋ: ਸਿੱਧੂ ਦੇ ਹਾਰਨ ’ਤੇ ਹੌਲਦਾਰ ਨੇ ਵੰਡੀ ਬਰਫੀ, ਕਿਹਾ- 'ਠੋਕੋ ਤਾਲੀ ਠੁਕ ਗਿਆ'