ਅੰਮ੍ਰਿਤਸਰ : ਬੰਦੀ ਸਿੰਘਾਂ ਦੀ ਰਿਹਾਈ ਸੰਬਧੀ ਮੋਹਾਲੀ ਮੋਰਚੇ ਵਿਚ ਸ਼ਾਮਿਲ ਹੋਣ ਲਈ ਅਜ ਪੰਜਾਬੀ ਅਦਾਕਾਰਾ ਸੋਨੀਆ ਮਾਨ ਅਤੇ ਸ਼ਹੀਦ ਜਰਨਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਇਕ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਕੀਤੀ ਗਈ, ਜਿਸ ਵਿਚ ਉਨ੍ਹਾਂ ਵੱਲੋਂ ਮੋਹਾਲੀ ਮੋਰਚੇ ਵਿਚ ਪਹੁੰਚਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਸੰਬਧੀ ਆਵਾਜ਼ ਬੁਲੰਦ ਕਰਨ ਨੂੰ ਲੈ ਕੇ ਤਿਆਰ ਕੀਤੀ ਰੂਪਰੇਖਾ ਦਾ ਬਿਉਰਾ ਦੱਸਿਆ ਗਿਆ। ਇਸ ਦੌਰਾਨ ਉਕਤ ਆਗੂਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਫੌਰੀ ਰਿਹਾਅ ਕਰੇ ਸਰਕਾਰ : ਇਸ ਸੰਬਧੀ ਜਾਣਕਾਰੀ ਦਿੰਦਿਆਂ ਨੁਮਾਇੰਦਿਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਵਿਚ ਮੋਰਚਾ ਚੱਲ ਰਿਹਾ ਹੈ ਅਤੇ 3 ਫਰਵਰੀ ਨੂੰ ਜਥੇਬੰਦੀਆਂ ਵੱਲੋਂ ਬੱਸਾਂ ਵਿਚ ਗੋਲਡਨ ਗੇਟ ਤੋਂ ਫਤਿਹਗੜ੍ਹ ਸਾਹਿਬ ਲਈ ਜਥਾ ਰਵਾਨਾ ਕੀਤਾ ਜਾਵੇਗਾ ਅਤੇ ਗੁਰੂ ਰਾਮਦਾਸ ਜੀ ਦਾ ਓਟ ਆਸਰਾ ਲੈ ਸੰਗਤ ਨੂੰ ਨਾਲ ਚੱਲਣ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਸੰਗਤ ਨੂੰ ਅਪੀਲ ਕੀਤੀ ਜਾਵੇਗੀ ਕਿ ਇਸ ਸੰਘਰਸ਼ ਵਿਚ ਸ਼ਮੂਲੀਅਤ ਕੀਤੀ ਜਾਵੇ। ਇਸ ਦੌਰਾਨ ਉਨ੍ਹਾਂ ਸਰਕਾਰ ਪਾਸੋਂ ਵੀ ਮੰਗ ਕੀਤੀ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Navjot Sidhu wife got angry: ਫਿਰ ਭੜਕੇ ਨਵਜੋਤ ਕੌਰ ਸਿੱਧੂ, ਕਿਹਾ- ਬਲਾਤਕਾਰੀਆਂ ਤੇ ਗੈਂਗਸਟਰਾਂ ਨੂੰ ਜ਼ਮਾਨਤ, ਇਮਾਨਦਾਰ ਨੂੰ ਨਹੀਂ
ਜਥੇਬੰਦੀਆਂ ਦੀ ਸੰਗਤ ਨੂੰ ਅਪੀਲ : ਉਨ੍ਹਾਂ ਸੰਗਤ ਅਤੇ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਮਾਰਚ ਵਿਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ 3 ਫਰਵਰੀ ਸਵੇਰੇ 7 ਵਜੇ ਪਹੁੰਚਣ ਅਤੇ ਰਸਤੇ ਵਿਚ ਆਉਂਦੇ ਸ਼ਹਿਰਾਂ ਦੀ ਸੰਗਤ ਆਪਣੇ ਸਮੇਂ ਦੇ ਹਿਸਾਬ ਨਾਲ ਪਹੁੰਚ ਕੇ ਸਹਿਯੋਗ ਕਰਨ ਤਾਂ ਜੋ ਅਸੀ ਇਸ ਮੋਰਚੇ ਨੂੰ ਕਾਮਯਾਬ ਬਣਾ ਸਕੀਏ। ਉਨ੍ਹਾਂ ਕਿਹਾ ਕਿ ਸਰਕਾਰ ਬਲਾਤਕਾਰੀਆਂ ਤੇ ਮੁਲਜ਼ਮਾਂ ਨੂੰ ਪੈਰੋਲ ਉਤੇ ਬਾਹਰ ਭੇਜ ਸਕਦੀ ਹੈ ਪਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਬਾਹਰ ਨਹੀਂ ਕੱਢ ਰਹੀ।