ਅੰਮ੍ਰਿਤਸਰ: ਪੰਜਾਬ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਹਨ ਉਸ ਵੇਲੇ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਅਤੇ ਬੇਰੁਜ਼ਗਾਰੀ ਦਾ ਹੁੰਦਾ ਹੈ। ਪਰ ਜਿਵੇਂ ਹੀ ਚੋਣਾਂ ਖ਼ਤਮ ਹੋ ਜਾਂਦੀਆਂ ਹਨ ਤਾਂ ਉਸ ਤੋਂ ਬਾਅਦ ਇਹ ਮੁੱਦੇ ਜ਼ਰੂਰ ਕਿਤੇ ਨਾ ਕਿਤੇ ਗਾਇਬ ਹੁੰਦੇ ਹੋਏ ਨਜ਼ਰ ਆਉਂਦੇ ਹਨ।
ਉੱਥੇ ਹੀ ਅੱਜ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਦੱਖਣ ਹਲਕੇ ਦੇ ਵਿਚ ਸ਼ਹੀਦਾਂ ਸਾਹਿਬ ਗੁਰਦੁਆਰੇ ਦੇ ਨਜ਼ਦੀਕ 'ਚਿੱਟਾ ਇੱਥੋਂ ਮਿਲਦਾ ਹੈ' ਦੇ ਪੋਸਟਰ ਲੱਗੇ ਹੋਏ ਮਿਲੇ। ਇਹ ਪੋਸਟਰ ਕਿਸ ਵੱਲੋਂ ਲਗਾਏ ਗਏ ਉਸ ਸਬੰਧੀ ਪਤਾ ਨਹੀਂ ਲੱਗ ਸਕਿਆ। ਇੰਨ੍ਹਾਂ ਪੋਸਟਰਾਂ ਦੇ ਹੇਠਾਂ ਲਿਖਿਆ ਗਿਆ ਹੈ 'ਵੱਲੋਂ ਉਜੜਿਆ ਪਰਿਵਾਰ'।
ਉਥੇ ਹੀ ਇਕ ਵਾਰ ਫਿਰ ਤੋਂ ਹੁਣ ਆਮ ਆਦਮੀ ਪਾਰਟੀ ਉੱਤੇ ਵੀ ਗਾਜ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਅਤੇ ਚਾਰ ਮਹੀਨਿਆਂ ਵਿਚ ਨਸ਼ਾ ਖਤਮ ਕਰਨ ਵਾਲੀ ਸਰਕਾਰ 'ਤੇ ਵੀ ਹੁਣ ਸਵਾਲ ਪੁੱਛੇ ਜਾ ਰਹੇ ਹਨ। ਉਥੇ ਹੀ ਜਦੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਵੇਲੇ ਵੀ ਚਾਰ ਹਫ਼ਤਿਆਂ ਦੇ ਵਿੱਚ ਨਸ਼ੇ ਖ਼ਤਮ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਹੀ ਗਈ ਸੀ। ਪਰ ਨਸ਼ੇ ਦੀ ਸਥਿਤੀ ਸੂਬੇ 'ਚ ਜਿਓ ਦੀ ਤਿਓ ਬਣੀ ਹੋਈ ਹੈ।
ਇਸ ਵਾਰ ਚੋਣਾਂ 'ਚ ਵੀ ਆਮ ਆਦਮੀ ਪਾਰਟੀ ਵਲੋਂ ਚਾਰ ਮਹੀਨਿਆਂ ਵਿਚ ਨਸ਼ਾ ਖਤਮ ਕਰਨ ਦੀ ਗੱਲ ਕਹੀ ਗਈ ਸੀ ਪਰ ਸੱਤ ਮਹੀਨੇ ਤੋਂ ਉੱਪਰ ਦਾ ਸਮਾਂ ਸਰਕਾਰ ਨੂੰ ਬਣਿਆ ਹੋ ਚੁੱਕਾ ਲੇਕਿਨ ਹੁਣ ਲੋਕ ਵੀ ਆਮ ਆਦਮੀ ਪਾਰਟੀ ਤੋਂ ਕਾਫ਼ੀ ਖ਼ਫ਼ਾ ਹੁੰਦੇ ਹੋਏ ਨਜ਼ਰ ਆ ਰਹੇ ਹਨ। ਕਿਉਂਕਿ ਹਰ ਇੱਕ ਵਰਗ ਦਾ ਵਿਅਕਤੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕਰ ਰਿਹਾ ਹੈ।
ਉੱਥੇ ਹੀ ਇੱਕ ਵਾਰ ਫਿਰ ਤੋਂ ਇਹ ਪੋਸਟਰਾਂ ਨੇ ਪੰਜਾਬ ਦੀ ਸਿਆਸਤ ਨੂੰ ਦੁਬਾਰਾ ਤੋਂ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਉੱਥੇ ਹੀ ਚਸ਼ਮਦੀਦ ਦੇ ਮੁਤਾਬਕ ਜਦੋਂ ਉਹ ਦੇਰ ਰਾਤ ਇੱਕ ਵਜੇ ਸੇਵਾ ਕਰਨ ਵਾਸਤੇ ਗੁਰਦੁਆਰਾ ਸਾਹਿਬ ਲਈ ਜਾ ਰਿਹਾ ਸੀ ਤਾਂ ਉਸ ਵੇਲੇ ਉਸ ਵੱਲੋਂ ਇਹ ਪੋਸਟਰ ਨਹੀਂ ਦੇਖੇ ਗਏ ਸਨ ਲੇਕਿਨ ਜਿਵੇਂ ਹੀ ਉਹ ਸੇਵਾ ਕਰਕੇ ਘਰ ਵਾਪਸ ਪਰਤ ਰਿਹਾ ਸੀ ਤਾਂ ਉਸ ਵੇਲੇ ਉਸ ਵੱਲੋਂ ਇਹ ਪੋਸਟਰ ਵੇਖੇ ਗਏ।
ਉਕਤ ਨੌਜਵਾਨ ਨੇ ਕਿਹਾ ਕਿ ਉਸ ਵੱਲੋਂ ਇਹ ਵੀਡਿਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਵੀ ਬਹੁਤ ਸਾਰੇ ਲੋਕ ਹਨ ਜੋ ਨਸ਼ਾ ਤਸਕਰੀ ਅਤੇ ਜਾਂ ਨਸ਼ਿਆਂ ਦਾ ਸੇਵਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਨਸ਼ਾ ਵਧ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਹੁਣ ਪੋਸਟਰ ਲਗਾਉਣੇ ਸ਼ੁਰੂ ਕੀਤੇ ਗਏ ਹਨ ਜੋ ਕਿ ਸਹੀ ਇਸ਼ਾਰਾ ਨਹੀਂ ਹੈ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਨਸ਼ਾ ਆਪਣੇ ਚਰਮ ਸੀਮਾ ' ਹੈ ਅਤੇ ਕੁਝ ਸਮੇਂ ਪਹਿਲਾਂ ਅੰਮ੍ਰਿਤਸਰ ਤੋਂ ਹੀ ਇੱਕ ਮੁਟਿਆਰ ਅਤੇ ਕੁਝ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜੋ ਕਿ ਨਸ਼ੇ ਵਿੱਚ ਧੁੱਤ ਸਨ। ਅੱਜ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਦੱਖਣ ਹਲਕੇ ਦੇ ਵਿੱਚ ਮੋਹਿਨੀ ਚੌਕ ਵਿੱਚ ਇਹ ਪੋਸਟਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ।
ਇਹ ਵੀ ਪੜ੍ਹੋ: ਰਾਕੇਸ਼ ਟਕੈਤ ਨੇ ਕਿਸਾਨਾਂ ਨੂੰ ਇੱਕਜੁੱਟ ਹੋਣ ਦੀ ਕੀਤੀ ਅਪੀਲ, ਕਿਹਾ ਵੱਡੇ ਅੰਦੋਲਨ ਲਈ ਰਹੋ ਤਿਆਰ