ਅੰਮ੍ਰਿਤਸਰ: ਜ਼ਿਲ੍ਹੇ ਚ ਪੁਲਿਸ ਨਾਜਾਇਜ਼ ਪਟਾਕੇ ਰੱਖਣ ਨੂੰ ਲੈ ਕੇ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਨਾਜਾਇਜ਼ ਪਟਾਕਿਆਂ ਦੀ ਫੈਕਟਰੀ ਫੜੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਧਮਾਕਾਖੇਜ ਸਮੱਗਰੀ ਅਤੇ ਪਟਾਕੇ ਬਰਾਮਦ ਕੀਤੇ ਹਨ। ਇਸਦੇ ਨਾਲ ਹੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਵੀ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਬਿਆਸ ਪੁਲਿਸ ਵਲੋਂ ਸਥਾਨਕ ਕਸਬੇ ਵਿੱਚ ਬਿਨਾਂ ਲਾਈਸੈਂਸ ਦੇ ਨਜਾਇਜ਼ ਪਟਾਕੇ ਬਣਾਉਣ ਵਾਲੀ ਇੱਕ ਫੈਕਟਰੀ ਫੜੀ ਹੈ ਜਿਸ ਵਿੱਚੋਂ ਭਾਰੀ ਮਾਤਰਾ ਵਿੱਚ ਪਟਾਕੇ ਬਣਾਉਣ ਵਿੱਚ ਵਰਤੀ ਜਾਣ ਵਾਲੀ ਧਮਾਕਾ ਖੇਜ ਸਮੱਗਰੀ ਤੇ ਤਿਆਰ ਪਟਾਕੇ ਬਰਾਮਦ ਹੋਏ ਹਨ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਕ੍ਰਿਸਨ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ’ਤੇ ਪਡਿਆਣਾ ਰੋਡ ’ਤੇ ਐਫਸੀਆਈ ਦੇ ਗੁਦਾਮਾਂ ਦੇ ਸਾਹਮਣੇ ਰਿਹਾਇਸ਼ੀ ਇਲਾਕੇ ਵਿੱਚ ਸਥਿਤ ਇੱਕ ਮਕਾਨ ਉਪਰ ਛਾਪਾ ਮਾਰ ਕੇ ਪਟਾਕੇ ਬਣਾਉਣ ਵਾਲੀ ਨਜਾਇਜ਼ ਫੈਕਟਰੀ ਫੜੀ ਹੈ ਅਤੇ ਫੈਕਟਰੀ ਚਲਾਉਣ ਵਾਲੇ ਇੱਕ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਕਥਿਤ ਮੁਲਜ਼ਮ ਦੀ ਪਛਾਣ ਸੁਖਜਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਫੇਰੂਮਾਨ ਰੋਡ ਰਈਆ ਵਜੋਂ ਦੱਸੀ ਹੈ। ਬਰਾਮਦ ਸਮੱਗਰੀ ਬਾਰੇ ਡੀਐਸਪੀ ਨੇ ਦੱਸਿਆ ਕਿ ਇਸ ਫੈਕਟਰੀ ਵਿੱਚੋਂ ਪਟਾਕੇ ਤਿਆਰ ਕਰਨ ਵਾਲੀ ਮਸ਼ੀਨ, 30 ਕਿਲੋ ਪੁਟਾਸ਼, 40 ਕਿੱਲੋ ਕੋਲਾ, ਪੰਜ ਕਿਲੋਗ੍ਰਾਮ ਬਾਰੂਦ ਸਮੇਤ ਹੋਰ ਪਟਾਕੇ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਭਾਰੀ ਮਾਤਰਾ ਵਿੱਚ ਸ਼ਾਮਿਲ ਹੈ। ਇਸ ਤੋਂ ਇਲਾਵਾ 82 ਕਿਲੋਗ੍ਰਾਮ ਤਿਆਰ ਪਟਾਕੇ ਜਿੰਨਾਂ ਵਿੱਚ ਕਾਨੇ ਵਾਲੀਆਂ ਹਲਵਾਈਆਂ, ਦੇਸੀ ਅਨਾਰ ਬੰਬ ਤੇ ਹੋਰ ਕਈ ਪ੍ਰਕਾਰ ਦੇ ਪਟਾਕੇ ਬਰਾਮਦ ਕੀਤੇ ਹਨ।
ਪੁਲਿਸ ਨੇ ਕਥਿਤ ਦੋਸ਼ੀ ਦੇ ਖਿਲਾਫ਼ ਇਰਤਕਾਬ ਜੁਰਮ 188 ਭਾਰਤੀ ਦੰਡਾਵਲੀ, 3,4,5 ਐਕਸਪਲੋਸਿਵ ਸਬਸਰਾਨਸ਼ ਐਕਟ 1908 ਤਹਿਤ ਪਰਚਾ ਦਰਜ ਕੀਤਾ ਹੈ। ਇੰਨੀ ਵੱਡੀ ਮਤਰਾ ਵਿੱਚ ਧਮਾਕਾ ਖੇਜ ਸਮੱਗਰੀ ਬਰਾਮਦ ਕੀਤੇ ਜਾਣ ਤੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਇਸ ਨੂੰ ਪੁਲਿਸ ਦੀ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਸ ਨਜਾਇਜ਼ ਫੈਕਟਰੀ ਵਿੱਚ ਜੇ ਕੋਈ ਅਣਸੁਖਾਵੀਂ ਘਟਨਾਂ ਵਾਪਰ ਜਾਂਦੀ ਤਾਂ ਰਿਹਾਇਸ਼ੀ ਇਲਾਕਾ ਹੋਣ ਕਾਰਨ ਭਾਰੀ ਨੁਕਸਾਨ ਹੋ ਸਕਦਾ ਸੀ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਭਾਰਤ ਦਾ ਕਮਾਲ, ਦੁਕਾਨਾਂ ‘ਤੇ ਪਹੁੰਚ ਰਹੇ ਲੋਕ ਹੋਏ ਬਾਗੋ-ਬਾਗ