ਅੰਮ੍ਰਿਤਸਰ: ਪਿਛਲੇ ਦਿਨੀ ਕਸਬਾ ਜੰਡਿਆਲਾ ਵਿੱਚ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ।
ਛਾਪੇ ਦੌਰਾਨ ਕੀਤਾ ਗਿਆ ਕਾਬੂ
ਐਤਵਾਰ ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਐਸਪੀ ਕੇਪੀਐਸ ਚਾਹਲ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀਆਂ ਨੇ ਪਿਛਲੇ ਦਿਨੀ ਜੰਡਿਆਲਾ ਵਿਖੇ ਅਭਿਸ਼ੇਕ ਅਭੀ ਨਾਂਅ ਦੇ ਨੌਜਵਾਨ ਦਾ ਕਤਲ ਕੀਤਾ ਸੀ, ਜਿਸ ਤੋਂ ਬਾਅਦ ਇਹ ਫ਼ਰਾਰ ਹੋ ਗਏ। ਪੁਲਿਸ ਨੇ ਇਨ੍ਹਾਂ ਨੌਜਵਾਨਾਂ 'ਤੇ ਧਾਰਾ 302 ਤਹਿਤ ਕੇਸ ਦਰਜ ਕਰਕੇ ਭਾਲ ਅਰੰਭ ਦਿੱਤੀ ਸੀ। ਉਪਰੰਤ ਪੁਲਿਸ ਪਾਰਟੀ ਨੂੰ ਕਥਿਤ ਦੋਸ਼ੀਆਂ ਵਿਰੁੱਧ ਗੁਪਤ ਸੂਚਨਾ ਮਿਲੀ ਤਾਂ ਪੁਲਿਸ ਨੇ ਬੀਤੀ ਦਰਮਿਆਨੀ ਰਾਤ ਛਾਪਾ ਮਾਰ ਕੇ ਤਿੰਨੇ ਮੁਲਜ਼ਮਾਂ ਬੁੱਲੀ, ਕ੍ਰਿਸ਼ਨ ਅਤੇ ਘੁੱਦੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਵਾਰਦਾਤ ਵਿੱਚ ਵਰਤੇ ਹਥਿਆਰ ਤੇ ਵਾਹਨ ਬਰਾਮਦ
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਗ੍ਰਿਫ਼ਤਾਰੀ ਉਪਰੰਤ ਇੱਕ ਪਿਸਤੌਲ, 3 ਮੈਗਜ਼ੀਨਾਂ ਅਤੇ 24 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਨਾਲ ਹੀ ਵਾਰਦਾਤ ਵਿੱਚ ਵਰਤੇ ਗਏ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਭਿਸ਼ੇਕ ਅਤੇ ਮੁਲਜ਼ਮਾਂ ਵਿੱਚ ਕੋਈ ਰੰਜਿਸ਼ ਸੀ, ਜਿਸ ਕਾਰਨ ਇਨ੍ਹਾਂ ਵਿੱਚ ਪਹਿਲਾਂ ਵੀ ਗੈਂਗਵਾਰ ਹੁੰਦੀ ਰਹਿੰਦੀ ਸੀ।
ਪੁਲਿਸ ਅਧਿਕਾਰੀ ਅਨੁਸਾਰ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 4 ਮੁਲਜ਼ਮਾਂ ਨੇ ਕਤਲ ਕੀਤਾ ਸੀ। ਇਨ੍ਹਾਂ ਮੁਲਜ਼ਮਾ ਵਿੱਚੋਂ ਇੱਕ ਗੁਰਭੇਜ ਸਿੰਘ ਹੈ, ਜੋ ਅਜੇ ਵੀ ਪੁਲਿਸ ਦੀ ਹਿਰਾਸਤ ਤੋਂ ਦੂਰ ਹੈ। ਪੁਲਿਸ ਵੱਲੋਂ ਉਸ ਦੀ ਭਾਲ ਲ਼ਈ ਛਾਪੇਮਾਰੀ ਕੀਤੀ ਜਾ ਰਹੀ ਹੈ।