ਅੰਮ੍ਰਿਤਸਰ: ਪੰਜਾਬ ਵਿੱਚ ਕਰਫਿਊ ਖ਼ਤਮ ਹੋ ਗਿਆ ਪਰ ਲੌਕਡਾਊਨ ਜਾਰੀ ਹੈ। ਕਰਫਿਊ ਖੁਲ੍ਹਣ ਤੋਂ ਬਾਅਦ ਕਈ ਚੀਜ਼ਾਂ 'ਤੇ ਰਿਆਇਤ ਦਿੱਤੀ ਗਈ ਜਿਸ ਤਹਿਤ ਠੇਕੇ ਖੋਲ੍ਹ ਦਿੱਤੇ ਗਏ ਪਰ ਕੋਈ ਧਾਰਮਿਕ ਸਥਾਨ ਨਹੀਂ ਖੋਲ੍ਹੇ ਗਏ। ਉੱਥੇ ਹੀ ਕਰਫਿਊ ਦੌਰਾਨ ਸਾਰੇ ਹੀ ਧਾਰਮਿਕ ਸਥਾਨ ਬੰਦ ਰਹੇ ਸਨ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਰਿਆਦਾ ਮੁਤਾਬਕ ਕੀਰਤਨ ਤੇ ਪਾਠ ਹੁੰਦਾ ਸੀ ਤੇ ਘੱਟ ਗਿਣਤੀ 'ਚ ਸ਼ਰਧਾਲੂ ਵੀ ਆਉਂਦੇ ਸਨ। ਪਰ ਹੁਣ ਜਦੋਂ ਕਰਫ਼ਿਊ ਖੁੱਲ੍ਹਿਆ ਤਾਂ ਸ਼ਰਧਾਲੂਆਂ ਦੀ ਆਮਦ ਦਰਬਾਰ ਸਾਹਿਬ ਵਿੱਚ ਵੱਡੀ ਗਿਣਤੀ 'ਚ ਆਉਣੀ ਸ਼ੁਰੂ ਹੋ ਗਈ ਸੀ, ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਦਰਬਾਰ ਸਾਹਿਬ ਆਉਣਾ ਮਨ੍ਹਾ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸ਼ਰਧਾਲੂਆਂ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਠੇਕੇ ਖੁਲ੍ਹ ਸਕਦੇ ਨੇ ਫਿਰ ਧਾਰਮਿਕ ਸਥਾਨ 'ਤੇ ਜਾਣ ਦੀ ਪਾਬੰਦੀ ਕਿਉਂ? ਸ਼ਰਧਾਲੂਆਂ ਦਾ ਕਹਿਣਾ ਹੈ ਕਿ ਜਦੋਂ ਦਰਬਾਰ ਸਾਹਿਬ ਵਿੱਖੇ ਮੈਡੀਕਲ ਟੀਮ ਬੈਠੀ ਹੈ ਤੇ ਫਿਰ ਚੈੱਕਅੱਪ ਕਰਕੇ ਅੰਦਰ ਜਾਣ ਦੇਣਾ ਚਾਹੀਦਾ ਹੈ।
ਬਟਾਲਾ ਤੋਂ ਆਏ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦਰਸ਼ਨ ਕਰਕੇ ਬਹੁਤ ਚੰਗਾ ਲੱਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੀ ਆਪਣੀ ਡਿਊਟੀ ਕਰ ਰਹੀ ਸੀ। ਪੁਲਿਸ ਪ੍ਰਸ਼ਸਾਨ ਨੇ ਤਾਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਤੇ ਉਨ੍ਹਾਂ ਦੀ ਵੀ ਉਸ ਵਿੱਚ ਮਜਬੂਰੀ ਸੀ। ਸਾਨੂੰ ਵੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਚਾਹੀਦਾ ਹੈ। ਪਟਿਆਲਾ ਤੋਂ ਆਏ ਡਾ.ਗੁਰਦੇਵ ਸਿੰਘ ਨੇ ਦੱਸਿਆ ਕਿ ਉਹ 2 ਮਹੀਨਿਆਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਏ ਹਨ ਤੇ ਉਨ੍ਹਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਮਿਲੀ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਉਨ੍ਹਾਂ ਨੂੰ ਪੁਲੀਸ ਵੱਲੋਂ ਨਹੀ ਰੋਕਿਆ ਗਿਆ।