ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਂਤੀ ਦੇ ਪ੍ਰਮੁੱਖ ਕਸਬਾ ਜੰਡਿਆਲਾ ਗੁਰੂ ਵਿੱਚ ਐਸਸੀ ਭਾਈਚਾਰੇ ਦੇ ਲੋਕਾਂ ਵੱਲੋ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਕਥਿਤ ਜਾਅਲੀ ਐਸਸੀ ਸਰਟੀਫਿਕੇਟਾਂ ਦੀ ਦੁਰਵਰਤੋਂ ਕਰਨ ਵਾਲੇ ਵਿਅਕਤੀਆਂ 'ਤੇ ਬਣਦੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਅਜਿਹਾ ਕਰਨ ਵਾਲੇ ਵਿਅਕਤੀਆਂ ਦੇ ਜਾਤੀ ਸਰਟੀਫਿਕੇਟਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨੇ ਜੰਡਿਆਲਾ ਗੁਰੂ ਦੇ ਬਾਜ਼ਾਰਾਂ ਵਿੱਚ ਨਾਅਰੇ ਲਗਾਉਂਦੇ ਹੋਏ ਬਜ਼ਾਰ ਬੰਦ ਕਰਵਾਏ ਅਤੇ ਸਰਕਾਰ ਕੋਲੋ ਉਕਤ ਮਾਮਲੇ ਵਿੱਚ ਦਖ਼ਲ ਦਿੰਦੇ ਹੋਏ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਬਜ਼ਾਰ ਬੰਦ ਰੋਸ਼ ਪ੍ਰਦਰਸ਼ਨ: ਇਸ ਦੌਰਾਨ ਗੱਲਬਾਤ ਕਰਦੇ ਹੋਏ ਐਸਸੀ ਭਾਈਚਾਰੇ ਦੇ ਨੁਮਾਇੰਦੇ ਵਿਜੈ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਐਸਸੀ ਭਾਈਚਾਰੇ ਦੇ ਕਥਿਤ ਜਾਅਲੀ ਸਰਟੀਫਿਕੇਟਾਂ 'ਤੇ ਨੌਕਰੀ ਕਰਨ ਵਾਲੇ ਵਿਅਕਤੀਆਂ ਦੀ ਜਾਂਚ ਕਰ ਕਾਰਵਾਈ ਦੀ ਮੰਗ ਕੀਤੀ ਗਈ ਸੀ। ਜਿਸ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਕੋਈ ਵੀ ਬਣਦੀ ਕਰਵਾਈ ਨਾ ਕੀਤੇ ਜਾਣ ਤੇ ਰੋਸ ਵਜੋਂ ਅੱਜ ਜਥੇਬੰਦੀ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।ਜਿਸ ਦੇ ਤਹਿਤ ਅੱਜ ਵਾਲਮੀਕੀ ਭਾਈਚਾਰੇ ਦੇ ਸਾਥੀਆਂ ਵੱਲੋਂ ਜੰਡਿਆਲਾ ਸਮੇਤ ਵੱਖ-ਵੱਖ ਜਗ੍ਹਾ 'ਤੇ ਰੋਸ ਵਜੋਂ ਬਜ਼ਾਰ ਬੰਦ ਕੀਤੇ ਗਏ ਹਨ।
ਐਸਸੀ ਬੱਚਿਆਂ ਨਾਲ ਧੱਕਾ: ਉਨ੍ਹਾਂ ਕਿਹਾ ਕਿ ਪਹਿਲਾਂ ਹੀ ਉਹ ਬੜੀ ਮੁਸ਼ਕਿਲ ਨਾਲ ਆਪਣੇ ਬੱਚਿਆਂ ਪੜ੍ਹਾ ਲਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਐਸਸੀ ਬੱਚਿਆਂ ਨੂੰ ਮਿਲਣ ਵਾਲੀਆਂ ਨੌਕਰੀਆਂ ਦੀ ਬਜਾਏ ਜੇਕਰ ਕੁਝ ਲੋਕ ਐਸਸੀ ਨਾ ਹੁੰਦਿਆਂ ਵੀ ਕਥਿਤ ਤੌਰ 'ਤੇ ਗਲਤ ਐਸ ਸੀ ਸਰਟੀਫਿਕੇਟ ਬਣਾ ਕੇ ਉਨ੍ਹਾਂ ਦੇ ਬੱਚਿਆਂ ਦੀ ਜਗ੍ਹਾ ਨੌਕਰੀ ਜਾਂ ਸਕਾਲਰਸ਼ਿਪ ਲੈਣਗੇ ਤਾਂ ਉਹ ਕਿੱਥੇ ਜਾਣ। ਉਨ੍ਹਾਂ ਕਿਹਾ ਕਿ ਇਸੇ ਵਜ੍ਹਾ ਕਾਰਨ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ।
ਜਾਂਚ ਦੀ ਮੰਗ: ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਮਾਮਲਿਆਂ ਦੀ ਸੰਜੀਦਗੀ ਨੂੰ ਸਮਝਦੇ ਹੋਏ ਸਮੂਹ ਵਿਭਾਗਾਂ ਵਿੱਚ ਨਿਰਪੱਖ ਜਾਂਚ ਪੜਤਾਲ ਕੀਤੀ ਜਾਵੇ। ਇਸ ਦੇ ਨਾਲ ਹੀ ਸਰਕਾਰ ਯਕੀਨੀ ਬਣਾਵੇ ਕਿ ਨਵੀਆਂ ਦਿੱਤੀਆਂ ਜਾਂ ਵਾਲੀਆਂ ਨੌਕਰੀਆਂ ਵਿੱਚ ਐਸ ਸੀ ਭਾਈਚਾਰੇ ਦੇ ਕੋਟੇ ਨਾਲ ਸਬੰਧਿਤ ਨੌਕਰੀਆਂ ਦੇ ਹੱਕਦਾਰ ਬੱਚੇ ਇਸ ਤੋਂ ਵਾਂਝੇ ਨਾ ਰਹਿਣ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਫੌਰੀ ਤੌਰ ਤੇ ਇਸ ਮਾਮਲੇ ਵਿੱਚ ਕਾਰਵਾਈ ਕਰੇ ਤਾਂ ਜੌ ਸਾਨੂੰ ਇਨਸਾਫ ਮਿਲ ਸਕੇ।