ਅੰਮ੍ਰਿਤਸਰ: ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਸਤੂਆਣਾ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ (ਦਰਬਾਰ ਸਾਹਿਬ) ਦੀ ਨਕਲ ਬਣਾਈ ਜਾ ਰਹੀ ਹੈ, ਜਿਸ ਦੇ ਪ੍ਰਬੰਧਕ ਅਤੇ ਕਰਤਾ ਧਰਤਾ ਸੁਖਦੇਵ ਸਿੰਘ ਢੀਂਡਸਾ ਹਨ।
ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਹੈ, ਇਸ ਲਈ ਉਹ ਸ਼ਿਕਾਇਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹਨ। ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਨਕਲ ਕਦੇ ਪ੍ਰਵਾਨ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਦੀ ਇਜਾਜ਼ਤ ਹੋਵੇਗੀ।
ਉਨ੍ਹਾਂ ਕਿਹਾ ਕਿ ਮਸਤੂਆਣਾ ਟਰੱਸਟ ਦੇ ਕਰਤਾ ਧਰਤਾ ਸੁਖਦੇਵ ਸਿੰਘ ਢੀਂਡਸਾ ਆਪਣੀਆਂ ਮਰਜ਼ੀਆਂ ਕਰ ਰਹੇ ਹਨ ਅਤੇ ਪਿਛਲੇ 40 ਸਾਲ ਤੋਂ ਇਸ ਟਰੱਸਟ 'ਤੇ ਕਾਬਜ਼ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਸਾਲ 2009 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ ਤਾਂ ਜਥੇਦਾਰ ਸਾਹਿਬ ਨੇ ਆਦੇਸ਼ ਦਿੱਤਾ ਸੀ ਕਿ ਗੁਰਦੁਆਰਾ ਸਾਹਿਬ ਢਾਹ ਨਹੀਂ ਸਕਦੇ।
ਇਸ ਲਈ ਮਸਤੂਆਣਾ ਦੇ ਗੁਰਦੁਆਰਾ ਸਾਹਿਬ ਵਿੱਚ 6 ਤਬਦੀਲੀਆਂ ਕੀਤੀਆਂ ਜਾਣ ਪਰ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਆਰਜ਼ੀ ਬਰਾਂਡਾ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ। ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਅੱਜ 11 ਸਾਲ ਹੋ ਗਏ ਹਨ, ਮੈਂ ਭੁੱਖ ਹੜਤਾਲ ਕੀਤਾ, ਧਰਨੇ-ਮੁਜ਼ਾਹਰੇ ਕੀਤੇ ਅਤੇ ਟੈਂਕੀ 'ਤੇ ਵੀ ਚੜ੍ਹਿਆ ਪਰ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਬਹੁਤ ਸ਼ਕਤੀਸ਼ਾਲੀ ਆਗੂ ਹਨ,ਇਸ ਲਈ ਉਨ੍ਹਾਂ ਦੇ ਖਿਲਾਫ ਕੋਈ ਬੋਲਣ ਦੀ ਜੁਅਰਤ ਨਹੀਂ ਕਰਦਾ ਅਤੇ ਰਾਜਸੀ ਤਾਕਤ ਦੀ ਵਰਤੋਂ ਕਰਕੇ ਉਸ ਨੇ ਮੈਨੂੰ ਵੀ ਦਬਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤੇ।
ਉਨ੍ਹਾਂ ਸੁਖਦੇਵ ਸਿੰਘ ਢੀਂਡਸਾ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਢੀਂਡਸਾ ਸਾਹਬ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਦੀ ਗੱਲ ਕਰਦੇ ਹਨ। ਉੱਥੇ ਹੀ ਦੂਜੇ ਪਾਸੇ ਮਾਣਯੋਗ ਹਾਈ ਕੋਰਟ ਵਿੱਚ ਸ਼੍ਰੋਮਣੀ ਕਮੇਟੀ ਦੇ ਖਿਲਾਫ਼ ਕੇਸ ਲੜ ਰਹੇ ਹਨ। ਫੱਗੂਵਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਰਾਜਸੀ ਪ੍ਰਭਾਵ ਨੂੰ ਮੰਨਦੇ ਹੋਏ ਅਤੇ ਨਲਾਇਕੀ ਦਿਖਾਉਂਦੇ ਹੋਏ ਮੇਰੇ ਸਾਰੇ ਪ੍ਰੋਗਰਾਮ ਰੱਦ ਕਰਵਾ ਦਿੱਤੇ ਪਰ ਸੁਖਦੇਵ ਸਿੰਘ ਢੀਂਡਸਾ ਦੇ ਖਿਲਾਫ ਕੋਈ ਕਾਰਵਾਈ ਕੀਤੀ।
ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਕਿ ਕੀ ਹੁਣ ਇਹ ਢੀਂਡਸਾ ਸਾਹਬ ਨੂੰ ਰਾਜਸੀ ਤੌਰ 'ਤੇ ਘੇਰਨ ਦੀ ਤਿਆਰੀ ਵਜੋਂ ਤਾਂ ਨਹੀਂ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਗੇਟ ਅੱਗੇ ਧਰਨਾ ਲਾਇਆ ਸੀ ਉਨ੍ਹਾਂ ਯਕੀਨ ਦਵਾਇਆ ਸੀ ਕਿ ਮਸਲਾ ਹੱਲ ਹੋਵੇਗਾ ਪਰ ਨਾਂ ਤਾਂ ਢੀਂਡਸਾ ਨੇ ਗੱਲ ਸੁਣੀ ਤੇ ਨਾ ਹੀ ਸਾਲ 2009 ਤੋੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਤੱਕ ਦੇ ਪ੍ਰਧਾਨਾਂ ਨੇ।