ਅੰਮ੍ਰਿਤਸਰ: ਪਿਛਲੇ ਮਹੀਨੇ ਤਰਨ ਤਾਰਨ ਦੇ ਪਿੰਡ ਗੰਡੀਵਿੰਡ ਵਿਖੇ 8 ਸਾਲਾ ਬੱਚੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਹ ਖ਼ਬਰ ਪੂਰੇ ਪਿੰਡ ਵਿੱਚ ਸਨਸਨੀ ਵਾਂਗ ਫੈਲ ਗਈ ਸੀ। ਹਾਲਾਂਕਿ ਪੁਲਿਸ ਵਾਲਿਆਂ ਨੇ ਦੋਸ਼ੀਆਂ ਨੂੰ ਕਾਬੂ ਵੀ ਕਰ ਲਿਆ ਸੀ, ਪਰ ਦਿਨ ਬੁੱਧਵਾਰ ਨੂੰ ਇਨਸਾਫ਼ ਨਾ ਮਿਲਦਾ ਵੇਖ ਬੱਚੀ ਦੇ ਪਰਿਵਾਰ ਵਾਲਿਆਂ ਨੇ ਥਾਣੇ ਦੇ ਬਾਹਰ ਭਾਰੀ ਇਕੱਠ ਨਾਲ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਮ੍ਰਿਤਕ ਬੱਚੀ ਦੀ ਮਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ 8 ਸਾਲਾ ਲੜਕੀ ਨਾਲ ਜੋ ਮੰਦਭਾਗਾ ਕਾਰਾ ਹੋਇਆ ਹੈ, ਉਸ ਨੂੰ ਲੈ ਕੇ ਪੁਲਿਸ ਇਨਸਾਫ਼ ਕਰਦੀ ਨਜ਼ਰ ਨਹੀਂ ਆ ਰਹੀ ਹੈ। ਮਾਂ ਨੇ ਕਿਹਾ ਕਿ ਪੁਲਿਸ ਨੇ ਜਿਹੜੇ ਦੋਸ਼ੀਆਂ ਨੂੰ ਕਾਬੂ ਕੀਤਾ ਸੀ, ਉਨ੍ਹਾਂ ਵਿੱਚੋਂ 2 ਨੂੰ ਛੱਡ ਦਿੱਤਾ ਗਿਆ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਦੀ ਦੋਸ਼ੀਆਂ ਨਾਲ ਮਿਲੀਭੁਗਤ ਹੈ। ਮਾਂ ਨੇ ਅੱਗੇ ਕਿਹਾ ਕਿ ਜੇ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਉੱਥੇ ਹੀ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਪਿਤਾ ਨੇ ਦੋਸ਼ ਲਾਏ ਹਨ ਕਿ ਪੁਲਿਸ ਨੇ ਬਲਾਤਕਾਰ ਦੀ ਥਾਂ ਸਿਰਫ਼ ਕਤਲ ਦਾ ਮਾਮਲਾ ਹੀ ਕਿਉਂ ਦਰਜ ਕੀਤਾ ਹੈ।
ਇਸ ਸਾਰੇ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਕਾਬੂ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਦੋਸ਼ੀ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਜਿਥੇ ਉਸ ਨੇ ਲਾਸ਼ ਨੂੰ ਦੱਬਿਆ ਸੀ, ਉਸ ਨੂੰ ਵੀ ਰੀਕਵਰ ਕਰ ਲਿਆ ਹੈ।
ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਹੈ। ਲੜਕੀ ਦਾ ਪੋਸਟਮਾਰਟਮ ਵੀ ਕਰਵਾਇਆ ਸੀ ਅਤੇ ਮੈਡੀਕਲ ਰਿਪੋਰਟ ਵਿੱਚ ਵੀ ਆਇਆ ਸੀ ਕਿ ਲੜਕੀ ਦਾ ਕਤਲ ਹੀ ਹੋਇਆ ਹੈ, ਬਲਾਤਕਾਰ ਨਹੀਂ। ਇਸ ਲਈ ਧਾਰਾ 376 ਨਹੀਂ ਲਗਾਈ ਗਈ ਅਤੇ ਮਾਮਲੇ ਦੀ ਤਫ਼ਤੀਸ਼ ਚੱਲ ਰਹੀ ਹੈ।