ਅੰਮ੍ਰਿਤਸਰ: ਭਾਰਤੀ ਫੌਜ ਵੱਲੋਂ 'ਸਾਕਾ ਨੀਲਾ ਤਾਰਾ' ਨੂੰ ਅੰਜਾਮ ਦਿੱਤੀਆਂ 36 ਵਰ੍ਹੇ ਬੀਤ ਗਏ ਹਨ, ਜਿਸ ਤਹਿਤ ਜੂਨ 1984 ਵਿੱਚ ਭਾਰਤੀ ਫ਼ੌਜਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹਮਲਾ ਕੀਤਾ ਸੀ। ਇਹ ਜੂਨ ਦਾ ਪਹਿਲਾਂ ਹਫ਼ਤਾ ਸਿੱਖ ਕੌਮ ਲਈ ਹਿਰਦੇ ਵੇਦਕ ਹੁੰਦਾ ਹੈ।
ਈ.ਟੀ.ਵੀ. ਭਾਰਤ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਤਹਿਤ 1 ਜੂਨ ਨੂੰ ਅੰਮ੍ਰਿਤਸਰ ਵਿਖੇ ਕੀ ਕੁਝ ਵਾਪਰਿਆ, ਇਸ ਸਬੰਧੀ ਅੰਮ੍ਰਿਤਸਰ ਸਥਿਤ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ 28 ਮਈ ਨੂੰ ਫ਼ੌਜ ਅੰਮ੍ਰਿਤਸਰ ਵਿੱਚ ਦਾਖ਼ਲ ਹੋਈ ਅਤੇ ਉਨ੍ਹਾਂ ਵੱਲੋਂ ਨੀਤੀ ਘੜੀ ਗਈ ਕਿ ਦਰਬਾਰ ਸਾਹਿਬ ਦੇ ਵਿੱਚ ਸਿੰਘਾਂ ਕੋਲ ਕਿਹੜੇ-ਕਿਹੜੇ ਹਥਿਆਰ ਅਤੇ ਕੀ ਵਿਉਂਤਬੰਦੀ ਹੈ? 1 ਜੂਨ ਨੂੰ ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ. ਅਤੇ ਬੀ.ਐਸ.ਐਫ. ਪੈਰਾਮਿਲਟਰੀ ਫੋਰਸ ਵੱਲੋਂ "ਟੈਸਟਿੰਗ" ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਲੱਗਭਗ 100 ਗੋਲੀਆਂ ਚਲਾਈਆਂ ਗਈਆਂ।
ਪੱਤਰਕਾਰ ਚਰਨਜੀਤ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਦੂਰ ਅੰਦੇਸ਼ੀ ਅਤੇ ਜਰਨਲ ਸੁਬੇਗ ਸਿੰਘ ਦੀ ਰਣਨੀਤੀ ਭਾਰਤੀ ਫੌਜ ਨੂੰ ਨਾਕਾਮ ਕਰ ਗਈ। ਉਨ੍ਹਾਂ ਦੱਸਿਆ ਕਿ ਬਾਬਾ ਅਟੱਲ ਰਾਏ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਲੱਗੇ ਮੋਰਚੇ ਵਿੱਚ ਬੈਠੇ ਭਾਈ ਮਹਿੰਗਾ ਸਿੰਘ ਫੌਜ ਦੀ ਗੋਲੀ ਨਾਲ ਸ਼ਹੀਦ ਹੋ ਗਏ ਅਤੇ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਾਫ਼ੀ ਦਹਾਕਿਆਂ ਬਾਅਦ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਸੇ ਦਾ ਸਸਕਾਰ ਕੀਤਾ ਗਿਆ ਸੀ।
ਇਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਹੋਰ ਅਕਾਲੀ ਲੀਡਰ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜਦੋਂ ਦਰਬਾਰ ਸਾਹਿਬ ਉੱਪਰ ਵੱਜੀਆਂ 100 ਗੋਲੀਆਂ ਦੇ ਨਿਸ਼ਾਨ 2 ਜੂਨ ਨੂੰ ਆਈਆਂ ਸੰਗਤਾਂ ਨੇ ਦੇਖਿਆ ਤਾਂ ਉਹ ਖੂਨ ਦੇ ਹੰਝੂ ਰੋਏ।