ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਕੁਲਚੇ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ। ਅੰਮ੍ਰਿਤਸਰ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਆਉਂਦੇ ਹਨ ਅਤੇ ਇੱਥੋਂ ਦੀਆਂ ਖਾਣ-ਪੀਣ ਦੀਆਂ ਵਸਤਾਂ ਦਾ ਸ਼ਵਾਦ ਚਖ਼ਦੇ ਹਨ। ਇੱਥੋ ਦੇ ਲੋਕ ਵੀ ਕੁਲਚਿਆਂ ਦਾ ਕੰਮ ਕਰਨ ਲਈ ਵੀ ਮੋਹਰੀ ਹਨ ਅਤੇ ਸਵਾਦ ਵੀ ਮਸ਼ਹੂਰ ਹੈ। ਇੱਥੇ ਅੰਮ੍ਰਿਤਸਰ ਦੇ ਹਕੀਮਾਂ ਵਾਲਾ ਗੇਟ ਕੋਲ ਇ੍ਰਕ ਬਜ਼ੁਰਗ ਜੋੜੇ ਵਲੋਂ ਕੁਲਚਿਆਂ ਦੀ ਰੇਹੜੀ ਲਾਈ ਜਾਂਦੀ ਹੈ। ਦੱਸਣਯੋਗ ਹੈ ਕਿ ਦੋਨਾਂ ਦੀ ਉਮਰ 60 ਤੋਂ 65 ਸਾਲ ਦੇ ਵਿੱਚ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹੱਥੀਂ ਮਿਹਨਤ ਕਰਕੇ ਖਾਣਾ ਹੀ ਕਿਰਤ ਕਰਨਾ ਹੈ।
ਕਈ ਤਰ੍ਹਾਂ ਦੇ ਕੁਲਚੇ ਕਰਦੇ ਨੇ ਤਿਆਰ: ਬਜ਼ੁਰਗ ਮਹਿਲਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਆਮਦਨੀ ਗੁਜ਼ਾਰੇ ਯੋਗ ਹੋਣ ਕਾਰਨ ਅਜੇ ਤੱਕ ਉਹ ਦੁਕਾਨ ਨਹੀਂ ਲੈ ਸਕੇ, ਇਸ ਲਈ ਰੇਹੜੀ ਉੱਤੇ ਕੁਲਚੇ-ਛੋਲੇ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇੱਥੋ ਦੇ ਕੁਲਚਿਆਂ ਦਾ ਸਵਾਦ ਹੀ ਖਿੱਚ ਲਿਆਂਦਾ ਹੈ। ਕੁਲਵਿੰਦਰ ਕੌਰ ਨੇ ਕਿਹਾ ਕਿ ਕਿਸੇ ਅੱਗੇ ਹੱਥ ਅੱਡਣ ਨਾਲੋਂ ਚੰਗਾ ਹੈ ਕਿ ਉਹ ਖੁਦ ਮਿਹਨਤ ਕਰ ਕੇ ਕਮਾ ਕੇ ਅਪਣਾ ਗੁਜ਼ਾਰਾ ਕਰ ਰਹੇ ਹਨ।
ਦੋਨੋਂ ਧੀਆਂ ਵੀ ਨਾਲ ਸਾਥ ਦਿੰਦੀਆਂ: ਬਜ਼ੁਰਗ ਜੋੜੇ ਦੀਆਂ ਦੋ ਧੀਆਂ ਹੀ ਹਨ, ਜਿਨ੍ਹਾਂ ਚੋਂ ਇੱਕ ਨੌਕਰੀ ਲੱਭ ਰਹੀ ਹੈ ਅਤੇ ਉਸ ਤੋਂ ਛੋਟੀ 12 ਵੀਂ ਕਰਕੇ ਹੁਣ ਅਪਣੇ ਮਾਤਾ-ਪਿਤਾ ਨਾਲ ਰੇਹੜੀ ਉੱਤੇ ਕੰਮ ਕਰਨ ਵਿੱਚ ਮਦਦ ਕਰਦੀ ਹੈ। ਇੰਦਰਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਚੰਗਾ ਲੱਗਦਾ ਹੈ ਕਿ ਉਹ ਅਪਣੇ ਮਾਂ-ਪਿਓ ਦੇ ਕੰਮ ਵਿੱਚ ਸਾਥ ਦਿੰਦੀ ਹੈ। ਉਸ ਨੇ ਕਿਹਾ ਜਿਵੇਂ ਕਿ ਅੱਜ ਕੱਲ੍ਹ ਨੌਜਵਾਨ ਨਸ਼ੇ ਵੱਲ ਤੁਰ ਪਈ ਹੈ, ਉਨ੍ਹਾਂ ਨੂੰ ਸੇਧ ਲੈਣੀ ਚਾਹੀਦੀ ਹੈ ਕਿ ਜੇਕਰ ਬਜ਼ੁਰਗ ਹੋ ਕੇ ਉਸ ਦੇ ਮਾਤਾ-ਪਿਤਾ ਅਜੇ ਤੱਕ ਕਮਾ ਸਕਦੇ ਹਨ, ਤਾਂ ਉਹ ਭਰ ਜਵਾਨੀ ਵਿੱਚ ਮਿਹਨਤ ਕਿਉਂ ਨਹੀਂ ਕਰ ਸਕਦੇ। ਜੇਕਰ ਮਿਹਨਤੀ ਕੀਤੀ ਜਾਵੇ, ਤਾਂ ਹਰ ਕੋਈ ਅਪਣਾ ਗੁਜ਼ਾਰਾ ਚੰਗੀ ਤਰ੍ਹਾਂ ਕਰ ਸਕਦਾ ਹੈ।