ਅੰਮ੍ਰਿਤਸਰ: ਵੱਖ ਵੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵਲੋਂ ਪੰਜਾਬ ਭਰ ਵਿੱਚ ਬੈਰਿਕੇਡਿੰਗ ਲਗਾ ਕੇ ਨਾਕੇਬੰਦੀ ਕੀਤੀ ਗਈ ਹੈ। ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪ੍ਰਸਿੱਧ ਕਸਬਾ ਬਿਆਸ ਨੇੜੇ ਅੰਮ੍ਰਿਤਸਰ ਦਿੱਲ੍ਹੀ ਮੁੱਖ ਮਾਰਗ 'ਤੇ ਸਥਿਤ ਬਿਆਸ ਦਰਿਆ ਪੁੱਲ 'ਤੇ ਆਵਾਜਾਈ ਠੱਪ ਹੋਣ ਅਤੇ ਕਿਸਾਨਾਂ ਵਲੋਂ ਧਰਨਾ ਲਗਾਏ ਜਾਣ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ।
ਕੋਈ ਟ੍ਰੈਫਿਕ ਸਮੱਸਿਆ ਨਹੀਂ: ਈਟੀਵੀ ਭਾਰਤ ਦੀ ਟੀਮ ਵਲੋਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਟ੍ਰੈਫਿਕ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਹੈ ਅਤੇ ਦੋਨੋਂ ਤਰਫ ਤੋਂ ਹਾਈਵੇ ਉੱਤੇ ਵਾਹਨ ਆ ਜਾ ਰਹੇ ਹਨ। ਇਸ ਦੇ ਨਾਲ ਹੀ, ਕਿਸੇ ਤਰ੍ਹਾਂ ਦੀ ਟ੍ਰੈਫਿਕ ਸਮੱਸਿਆ ਨਹੀਂ ਹੈ ਅਤੇ ਫਿਲਹਾਲ ਇਹ ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਵਲੋਂ ਕੋਈ ਵੀ ਧਰਨਾ ਪ੍ਰਦਰਸ਼ਨ ਇਸ ਜਗ੍ਹਾ ਉੱਤੇ ਨਹੀਂ ਕੀਤਾ ਗਿਆ ਹੈ।|
ਪੁਲਿਸ ਵਲੋਂ ਸੁਰੱਖਿਆ ਦੇ ਪ੍ਰਬੰਧ: ਜ਼ਿਕਰਯੋਗ ਹੈ ਕਿ ਬਿਆਸ ਦਰਿਆ ਪੁੱਲ ਉੱਤੇ ਤੜਕੇ ਸਵੇਰੇ ਤੋਂ ਹੀ ਭਾਰੀ ਪੁਲਿਸ ਬਲ ਤੈਨਾਤ ਦਿਖਾਈ ਦੇ ਰਿਹਾ ਹੈ ਅਤੇ ਪੁਲਿਸ ਵਲੋਂ ਬਕਾਇਦਾ ਤੌਰ ਉੱਤੇ ਕਿਸੇ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਨੂੰ ਰੋਕਣ ਲਈ ਵੱਖ ਵੱਖ ਪੁਆਇੰਟ ਚੁਣ ਕੇ ਬੈਰਿਕੇਡਿੰਗ ਕੀਤੀ ਹੋਈ ਹੈ, ਤਾਂ ਜੋ ਕਿਸਾਨ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਜਾਂ ਫਿਰ ਧਰਨਾ ਇੱਥੇ ਨਾ ਲਗਾ ਸਕਣ। ਜੇਕਰ ਅਜਿਹਾ ਹੁੰਦਾ ਹੈ, ਤਾਂ ਕਹਿ ਸਕਦੇ ਹਾਂ ਕਿ ਬੀਤੇ ਸਮੇਂ ਦੌਰਾਨ ਬਿਆਸ ਦਰਿਆ ਪੁੱਲ ਉੱਤੇ ਪਹਿਲਾਂ ਵੀ ਧਰਨੇ ਲੱਗਣ ਨਾਲ ਮਾਝੇ ਦੁਆਬੇ ਦਾ ਸੰਪਰਕ ਟੁੱਟਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਧਿਆਨ ਹਿਤ ਰੱਖਦੇ ਹੋਏ ਪੁਲਿਸ ਵਲੋਂ ਪਹਿਲਾਂ ਤੋਂ ਹੀ ਇਥੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸੇ ਤਰ੍ਹਾਂ ਦੀ ਚੂਕ ਨਾ ਹੋਵੇ। ਪੁਲਿਸ ਟੀਮਾਂ ਦਿਨ ਰਾਤ ਇੱਥੇ ਤੈਨਾਤ ਦਿਖਾਈ ਦੇ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੰਗਰੂਰ ਦੇ ਲੌਂਗੋਵਾਲ ਵਿੱਚ ਧਰਨਾ ਦੇ ਰਹੇ ਕਿਸਾਨ ਜਦੋਂ ਦਿੱਤੀ ਗਈ ਕਾਲ ਮੁਤਾਬਿਕ ਚੰਡੀਗੜ੍ਹ ਵੱਲ ਕੂਚ ਕਰ ਰਹੇ ਸੀ, ਤਾਂ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਝੜਪ ਦੌਰਾਨ ਕਿਸਾਨ ਅਤੇ ਪੁਲਿਸ ਮੁਲਾਜ਼ਮ ਜਖ਼ਮੀ ਵੀ ਹੋਏ। ਝੜਪ ਮਗਰੋਂ ਮਾਹੌਲ ਤਣਾਅਪੂਰਣ ਬਣਿਆ ਹੋਇਆ ਹੈ। ਇਸ ਦੌਰਾਨ ਇਕ ਕਿਸਾਨ ਦੀ ਮੌਤ ਹੋ ਚੁੱਕੀ ਹੈ।