ਅੰਮ੍ਰਿਤਸਰ: ਵਾਰਡ ਨੰਬਰ ਇਕ ਅਧੀਨ ਆਉਂਦੇ ਇਲਾਕਾ ਵਿਕਾਸ ਨਗਰ 'ਚ ਬੀਤੇ ਦਿਨੀ ਹਾਈਵੋਲਟੇਜ ਤਾਰਾਂ ਦਾ ਖੰਭਾ ਡਿੱਗਣ ਤੋਂ ਬਾਅਦ ਇਲਾਕੇ ਦੀ ਬੱਤੀ ਗੁੱਲ ਹੋ ਗਈ। ਬਿਜਲੀ ਨਾ ਆਉਣ ਕਾਰਨ ਲੋਕ ਪਰੇਸ਼ਾਨ ਹਨ ਅਤੇ ਉਨ੍ਹਾਂ ਬਿਜਲੀ ਵਿਭਾਗ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਇਲਾਕਾ ਵਾਸੀਆਂ ਦੇ ਦੱਸਿਆ ਕਿ ਬੀਤੇ ਕਈ ਸਮੇਂ ਤੋਂ ਇਲਾਕੇ 'ਚੋਂ ਹਾਈਵੋਲਟੇਜ ਤਾਰਾਂ ਕਾਫੀ ਥੱਲੇ ਤੱਕ ਲਟਕ ਰਹੀਆਂ ਸਨ ਜਿਸ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਸਬੰਧੀ ਉਨ੍ਹਾਂ ਕਈ ਵਾਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ ਪਰ ਕਿਸੇ ਵੀ ਅਧਿਕਾਰੀ ਨੇ ਕੋਈ ਸੁਣਵਾਈ ਨਹੀ ਕੀਤੀ।
ਉਨ੍ਹਾਂ ਦੱਸਿਆ ਕਿ ਬੁੱਧਵਾਰ ਦੁਪਹਿਰੇ ਸਕੂਲ ਵੈਨ ਬੱਚਿਆਂ ਨੂੰ ਘਰ ਛੱਡਣ ਲਈ ਉਨ੍ਹਾਂ ਦੀ ਗਲੀ ਵਿਚੋਂ ਲੰਘ ਰਹੀ ਸੀ ਤਾਂ ਅਚਾਨਕ ਹਾਈਵੋਲਟੇਜ ਤਾਰਾਂ ਉਸ ਵੈਨ ਨਾਲ ਅੜ ਗਈਆਂ ਤੇ ਬਿਜਲੀ ਦਾ ਖੰਭਾ ਡਿੱਗ ਗਿਆ ਅਤੇ ਸਾਰੇ ਇਲਾਕੇ ਦੀ ਬੱਤੀ ਗੁੱਲ ਹੋ ਗਈ।
ਉਨ੍ਹਾਂ ਇਸ ਸਬੰਧੀ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੌਕੇ 'ਤੇ ਜੇ.ਈ ਕੁਲਵੰਤ ਰਾਏ ਪੁੱਜੇ ਅਤੇ ਬਿਜਲੀ ਦਾ ਖੰਭਾ ਲਗਾਉਣ ਲਈ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਬਾਰੇ ਜਦੋਂ ਜੇ.ਈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਤੋਂ ਇਨਕਾਰ ਕੀਤਾ।
ਜੇ.ਈ ਦੱਸਿਆ ਕਿ ਖੰਭਾ ਖੜਾ ਕਰਨ ਲਈ ਉਨ੍ਹਾਂ ਕੋਲ ਕ੍ਰੇਨ ਨਹੀ ਸੀ ਜਿਸ ਨੂੰ ਆਉਣ ਵਿਚ ਸਮਾਂ ਲੱਗ ਰਿਹਾ ਹੈ। ਹੁਣ ਉਨ੍ਹਾਂ ਨੇ ਚਾਟਵਿੰਡ ਨਹਿਰ ਤੋਂ ਕ੍ਰੇਨ ਦਾ ਇੰਤਜਾਮ ਕੀਤਾ ਹੈ। ਕੁੱਝ ਹੀ ਘੰਟਿਆਂ ਵਿਚ ਸਾਰੇ ਇਲਾਕੇ ਦੀ ਬੱਤੀ ਸ਼ੁਰੂ ਕਰ ਦਿੱਤੀ ਜਾਵੇਗੀ।