ਅੰਮ੍ਰਿਤਸਰ: ਸ਼ਹਿਰ ਵਿੱਚ ਨਵਜੋਤ ਸਿੰਘ ਸਿੱਧੂ ਲੋਕਾਂ ਨੂੰ ਰਾਸ਼ਨ ਵੰਡਣ ਸੋਸ਼ਲ ਡਿਸਟੈਂਸ ਵਾਲੇ ਨਿਯਮ ਨੂੰ ਛਿੱਕੇ ਟੰਗਦੇ ਨਜ਼ਰ ਆਏ। ਦੱਸ ਦਈਏ, ਨਵਜੋਤ ਸਿੰਘ ਸਿੱਧੂ ਸ਼ਹਿਰ ਵਿੱਚ ਰਾਸ਼ਨ ਵੰਡਣ ਗਏ ਜਿਸ ਦੌਰਾਨ ਲੋਕਾਂ ਦਾ ਭਾਰੀ ਇਕੱਠ ਰਿਹਾ ਤੇ ਸਿੱਧੂ ਵੀ ਇਕੱਠ 'ਚ ਹੀ ਘੁੰਮਦੇ ਰਹੇ।
ਇੱਥੇ ਦੱਸਣਾ ਬਣਦਾ ਹੈ ਕਿ ਕੋਰੋਨਾਵਾਇਰਸ ਦੀ ਲਾਗ ਕਰਕੇ ਪੂਰੀ ਦੁਨੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ ਤੇ ਬਿਮਾਰੀ ਦਾ ਲੋਕਾਂ ਵਿੱਚ ਇੰਨਾ ਕੁੰ ਖੌਫ਼ ਹੈ ਕਿ ਲੋਕ ਇਕ-ਦੂਜੇ ਦੇ ਕੋਲ ਜਾਣ ਤੋਂ ਡਰ ਰਹੇ ਹਨ। ਉੱਥੇ ਹੀ ਪੰਜਾਬ ਸਰਕਾਰ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਲਾਇਆ ਹੋਇਆ ਹੈ ਤਾਂ ਕਿ ਲੋਕ ਘਰ ਤੋਂ ਬਾਹਰ ਹੀ ਨਾ ਨਿਕਲਣ ਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ।
ਇੰਨਾ ਹੀ ਨਹੀਂ ਪੰਜਾਬ ਪੁਲਿਸ ਵੀ ਕਰਫਿਊ ਦੌਰਾਨ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ 'ਤੇ ਡਾਂਗ ਵਰ੍ਹਾ ਰਹੀ ਹੈ ਪਰ ਉੱਥੇ ਹੀ ਸਿਆਸੀ ਆਗੂ ਹੀ ਸਰਕਾਰ ਦੇ ਇਕੱਠ ਕਰਨ ਵਾਲੇ ਆਦੇਸ਼ ਨੂੰ ਹੀ ਨਹੀਂ ਮੰਨ ਰਹੇ। ਜੇਕਰ ਆਮ ਜਨਤਾ ਨੂੰ ਅਪੀਲ ਕਰਨ ਵਾਲੇ ਖ਼ੁਦ ਹੀ ਨਿਯਮਾਂ ਦੀ ਉਲੰਘਣਾ ਕਰਨਗੇ ਤਾਂ ਜਨਤਾ ਤੋਂ ਕੀ ਉਮੀਦ ਕਰਨਗੇ?
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਕਰਕੇ 4 ਮੌਤਾਂ ਤੇ 41 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਬਾਅਦ ਵੀ ਕੋਰੋਨਾ ਤੋਂ ਬਚਾਅ ਦੇ ਤਰੀਕਿਆਂ ਦੀ ਉਲੰਘਣਾ ਕੀਤੀ ਜਾ ਰਹੀ ਹੈ।