ਦੱਸ ਦਈਏ, ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੱਜ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸ਼ੁਰੂ ਹੋ ਕੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੂਵਿੰਡ ਤੱਕ ਸਮਾਪਤ ਹੋਵੇਗਾ। ਇਸ ਦੌਰਾਨ ਨਿਹੰਗ ਸਿੰਘਾਂ ਨੇ ਗਤਕੇ ਦੇ ਜੋਹਰ ਵਿਖਾਏ ਤੇ ਪੰਜ ਪਿਆਰੇ ਵੀ ਸਜਾਏ ਗਏ।
ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਦੀਪਾ ਜੀ ਨੇ ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋ ਗਏ। ਇੱਥੇ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ ਦੀਪ ਤੋਂ 'ਦੀਪ ਸਿੰਘ' ਰੱਖ ਦਿੱਤਾ ਗਿਆ।