ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਫੈਲਣ ਕਾਰਨ ਕੌਮਾਂਤਰੀ ਅਟਾਰੀ ਸਰਹੱਦ 'ਤੇ ਹੁੰਦੀ ਰਿਟ੍ਰੀਟ ਸੈਰੇਮਨੀ ਬੀਤੇ 8 ਮਹੀਨਿਆਂ ਤੋਂ ਬੰਦ ਹੈ। ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਇਸ ਰਿਟ੍ਰੀਟ ਸੈਰੇਮਨੀ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸੇ ਨਾਲ ਹੀ ਔਜਲਾ ਨੇ ਗ੍ਰਹਿ ਮੰਤਰੀ ਦੇ ਦਸੰਬਰ ਵਿੱਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਸਥਾਪਨਾ ਦਿਹਾੜੇ ਮੌਕੇ ਅਟਾਰੀ ਆਉਣ ਦਾ ਸਵਾਗਤ ਕੀਤਾ ਹੈ।
ਗੁਰਜੀਤ ਔਜਲਾ ਨੇ ਕਿਹਾ ਕਿ ਅਟਾਰੀ ਸਰਹੱਦ 'ਤੇ ਬੀਐਸਐਫ ਤੇ ਪਾਕਿ ਰੇਂਜਰਸ ਦੀ ਸੰਯੁਕਤ ਰਿਟ੍ਰੀਟ ਸੈਰੇਮਨੀ ਦੇਖਣ ਲਈ ਹਰ ਦਿਨ ਹਜ਼ਾਰਾਂ ਦੀ ਗਿਣਤੀ 'ਚ ਸੈਲਾਨੀ ਪਹੁੰਚਣ 'ਤੇ ਲੋਕਲ ਦੁਕਾਨਦਾਰਾਂ ਦਾ ਕੰਮ ਚੱਲਦਾ ਹੈ ਪਰ ਕੋਵਿਡ ਸੰਕਟ ਕਾਲ ਦੇ ਚੱਲਦਿਆਂ ਇਸ ਸੈਰੇਮਨੀ ਨੂੰ ਬੰਦ ਕਰਨ ਨਾਲ ਕੱਪੜਾ ਦੁਕਾਨਦਾਰ, ਹੋਟਲ ਮਾਲਕ, ਢਾਬਾ ਮਾਲਕ, ਗਾਈਡ ਤੇ ਟ੍ਰਾਂਸਪੋਰਟਰਾਂ ਦਾ ਬਹੁਤ ਨੁਕਸਾਨ ਹੋਇਆ ਹੈ।
ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਕੋਵਿਡ ਸੰਕਟ ਕਾਲ 'ਚ ਸਾਂਝੀ ਜਾਂਚ ਪੋਸਟ ਅਟਾਰੀ 'ਤੇ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਲਈ ਐੱਸਓਪੀ ਬਣਾ ਕੇ ਸੈਰੇਮਨੀ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਅਟਾਰੀ 'ਤੇ ਢਾਬਿਆਂ ਵਾਲਿਆਂ ਤੇ ਹੋਰਾਂ ਦੇ ਕੰਮ ਸ਼ੁਰੂ ਹੋ ਸਕਣ।
ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਔਜਲਾ ਨੇ ਅਟਾਰੀ ਸਰਹੱਦ 'ਤੇ ਭਾਰਤ-ਪਾਕਿਸਤਾਨ ਵਪਾਰ ਲਈ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਹੈ।