ਅੰਮ੍ਰਤਿਸਰ: ਐਸਐਸਪੀ ਧਰੁਵ ਦਹੀਆ (ਆਈਪੀਐਸ) ਅਧੀਨ ਗਠਿਤ ਟੀਮਾਂ ਵਲੋਂ ਲਗਾਤਾਰ ਵੱਡੀ ਕਾਮਯਾਬੀ ਹਾਸਲ ਹੋ ਰਹੀ ਹੈ। ਇਸ ਲੜੀ ਤਹਿਤ ਨਸ਼ੇ ਦੀਆਂ ਖੇਪਾਂ ਸਣੇ ਕਥਿਤ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖੀਆਂ ਬਣ ਰਹੀਆਂ ਹਨ। ਤਾਜ਼ਾ ਜਾਣਕਾਰੀ ਵਿੱਚ ਥਾਣਾ ਲੋਪੋਕੇ ਪੁਲਿਸ ਵਲੋਂ ਹੈਰੋਇਨ ਸਮੇਤ ਇੱਕ ਮੁਲਜਮ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਹੈ।
ਪੁਲਿਸ ਥਾਣਾ ਲੋਪੋਕੇ ਵਲੋਂ ਮੀਡੀਆ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਕਿ ਡੀਐਸਪੀ ਅਟਾਰੀ ਗੁਰਪ੍ਰਤਾਪ ਸਿੰਘ ਦੀਆਂ ਹਦਾਇਤਾਂ ਅਤੇ ਐਸਐਚਓ ਥਾਣਾ ਲੋਪੋਕੇ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਏਐਸਆਈ ਮਨਜੀਤ ਸਿੰਘ ਵਲੋਂ ਸਾਰੰਘ ਮੋੜ ਤੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਆ ਰਹੇ ਦੋ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਣ ਦੀ ਕਥਿਤ ਤੌਰ ਤੇ ਕੋਸ਼ਿਸ਼ ਕਰਨ ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਕਿ ਜਦਕਿ ਦੂਸਰਾ ਨੌਜਵਾਨ ਮੌਕੇ ਤੋਂ ਭੱਜ ਗਿਆ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਮੁਲਜਮ ਦੀ ਪਛਾਣ ਯੋਧਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਏ ਵਜੋਂ ਹੋਈ ਹੈ, ਜਿਸ ਦੀ ਤਲਾਸ਼ੀ ਲੈਣ ਤੇ ਕਥਿਤ ਮੁਲਜਮ ਪਾਸੋਂ 120 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਬਰਾਮਦਗੀ ਦੇ ਅਧਾਰ ਤੇ ਕਥਿਤ ਮੁਲਜਮ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਨੰ 52 ਦਰਜ ਕਰ ਅਗਲੇਰੀ ਤਫਤੀਸ਼ ਕੀਤੀ ਜਾ ਰਹੀ ਹੈ।