ਅੰਮ੍ਰਿਤਸਰ: ਜੂਨ 1984 ਦਾ ਘੱਲੂਘਾਰਾ(Operation Blue Star) ਸਿੱਖ ਪੰਥ ਲਈ ਬਹੁਤ ਅਸਹਿ ਤੇ ਅਕਹਿ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ(Jathedar Harpreet Singh) ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਕ ਵੀਡੀਓ ਰਾਹੀਂ ਪ੍ਰੈਸ ਦੇ ਰੂਬਰੂ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੌਮ ਨੇ ਦੋ ਘੱਲੂਘਾਰੇ ਹੰਢਾਏ ਹਨ ਅਤੇ ਇਹ ਤੀਸਰਾ ਘੱਲੂਘਾਰਾ ਜੂਨ 1984 ਦਾ ਜੋ ਕੌਮ ਨੇ ਆਪਣੇ ਪਿੰਡੇ ‘ਤੇ ਹੰਢਾਇਆ ਨਾ ਬਰਦਾਸ਼ਤ ਤੇ ਨਾ ਭੁੱਲਣਯੋਗ ਹੈ।
ਉਨ੍ਹਾਂ ਕਿਹਾ ਕਿ ਜੂਨ 1984 ਨੂੰ ਉਸ ਸਮੇਂ ਦੀ ਭਾਰਤੀ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਸਿੱਖਾਂ ਦੀ ਆਜ਼ਾਦ ਪ੍ਰਭੁਸੱਤਾ ਦਾ ਪ੍ਰਤੀਕ ਹੈ, ‘ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਬੁਰੀ ਤਰ੍ਹਾਂ ਗੋਲੀਆਂ ਨਾਲ ਭੁੰਨਿਆਂ ਗਿਆ।ਜਥੇਦਾਰ ਨੇ ਕਿਹਾ ਕਿ ਇਹ ਇਕ ਕਿਸਮ ਦਾ ਇਸ ਤਰ੍ਹਾਂ ਦਾ ਹਮਲਾ ਸੀ ਜਿਸ ਤਰ੍ਹਾਂ ਕੋਈ ਇਕ ਮੁਲਕ ਦੂਸਰੇ ਮੁਲਕ ‘ਤੇ ਹਮਲਾ ਕਰਦਾ ਹੈ। ਇਸ ਵਾਸਤੇ ਭਾਰਤੀ ਫੌਜਾਂ ਨੇ ਬਹੁਤ ਕਰੂਰਤਾ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮਨਾਉਣ ਆਈ ਸਿੱਖ ਸੰਗਤ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਅਤੇ ਸਿੱਖ ਸੰਗਤਾਂ ਨੇ ਜਿਹੜੀ ਉਸ ਵਕਤ ਆਪਣੇ ਪਿੰਡੇ ‘ਤੇ ਹੱਡੀਂ ਪੀੜਾ ਹੰਢਾਈ ਉਸ ਨੂੰ ਹਰ ਸਾਲ ਯਾਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ 4 ਜੂਨ ਨੂੰ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਅਖੰਡਪਾਠ ਸਾਹਿਬ ਆਰੰਭ ਹੋਏ, ਉਥੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਵੀ ਆਰੰਭ ਕੀਤੇ ਗਏ ਅਤੇ ਇਨ੍ਹਾਂ ਦੋਵਾਂ ਸਥਾਨਾਂ ਤੇ ਸ੍ਰੀ ਅਖੰਡ ਪਾਠ ਸਾਹਿਬਾਨ ਦਾ ਭੋਗ 6 ਜੂਨ ਨੂੰ ਪਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਭਾਵੇਂ ਕੋਰੋਨਾ ਮਹਾਮਾਰੀ ਕਾਰਨ ਸਾਰੇ ਹਾਜ਼ਰ ਨਹੀਂ ਹੋ ਸਕਦੇ ਪਰ ਘਰ ਬੈਠੇ ਹੀ ਵੱਡੀ ਗਿਣਤੀ ‘ਚ ਉਸ ਵਕਤ ਸ਼ਹੀਦ ਹੋਣ ਵਾਲੇ ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ ਨੂੰ ਯਾਦ ਕਰਦੇ ਹੋਏ ਇਹ ਦਿਹਾੜਾ ਮਨਾਇਆ ਜਾਵੇ ਤਾਂ ਜੋ ਉਨ੍ਹਾਂ ਸਹੀਦਾਂ ਨੂੰ ਆਪਣਾ ਸਤਿਕਾਰ ਦੇ ਸਕੀਏ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਯਾਦ ਰੱਖਣ ਲਈ ਪ੍ਰੇਰੀਏ।