ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਕੌਲੋਵਾਲ (ਬਰਾੜ) ਨਾਲ ਸਬੰਧਤ ਨੌਜਵਾਨ ਜਗਦੀਸ਼ ਸਿੰਘ ਦੀ ਮ੍ਰਿਤਕ ਦੇਹ ਬੁੱਧਵਾਰ ਦੁਬਈ ਤੋਂ ਭਾਰਤ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜ ਗਈ ਹੈ। ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦਾ ਮੁੱਖ ਯੋਗਦਾਨ ਰਿਹਾ।
ਹਵਾਈ ਅੱਡੇ ਦੇ ਬਾਹਰ ਟਰੱਸਟ ਦੇ ਮੈਂਬਰ ਨਵਜੀਤ ਸਿੰਘ ਘਈ ਨੇ ਦੱਸਿਆ ਕਿ ਜਗਦੀਸ਼ ਸਿੰਘ (ਉਮਰ 25 ਸਾਲ) ਦੋ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ 'ਚ ਦੁਬਈ ਮਿਹਨਤ ਮਜ਼ਦੂਰੀ ਕਰਨ ਗਿਆ ਸੀ ਕਿ ਅਚਾਨਕ ਬੀਤੀ 17 ਨਵੰਬਰ ਦੀ ਸਵੇਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਸੀ ਪਰ ਕੋਈ ਹੱਲ ਨਾ ਹੋਣ 'ਤੇ ਟਰੱਸਟ ਨਾਲ ਸੰਪਰਕ ਕੀਤਾ ਗਿਆ, ਜਿਸ 'ਤੇ ਡਾ. ਐਸਪੀ ਓਬਰਾਏ ਦੇ ਯਤਨਾਂ ਸਦਕਾ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਜਗਦੀਸ਼ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਉਧਰ, ਮ੍ਰਿਤਕ ਦੇਹ ਲੈਣ ਪਹੁੰਚੇ ਜਗਦੀਸ਼ ਸਿੰਘ ਦੇ ਭਰਾ ਜਸਵੰਤ ਸਿੰਘ ਅਤੇ ਮਾਮੇ ਲਖਵਿੰਦਰ ਸਿੰਘ ਸਮੇਤ ਹੋਰਨਾਂ ਰਿਸ਼ਤੇਦਾਰਾਂ ਨੇ ਮ੍ਰਿਤਕ ਦੇਹ ਨੂੰ ਪਰਿਵਾਰ ਕੋਲ ਲਿਆਉਣ 'ਤੇ ਡਾ.ਐਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਸੁਖਵਿੰਦਰ ਦਾ ਮ੍ਰਿਤਕ ਸ਼ਰੀਰ ਵਾਪਸ ਲੈ ਕੇ ਆਉਣਾ ਉਨ੍ਹਾਂ ਦੇ ਵੱਸ ਦੀ ਗੱਲ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਡਾ.ਓਬਰਾਏ ਦੀ ਬਦੌਲਤ ਹੀ ਉਨ੍ਹਾਂ ਦੇ ਉਸਦੇ ਮ੍ਰਿਤਕ ਸ਼ਰੀਰ ਨੂੰ ਆਪਣੀ ਮਿੱਟੀ ਨਸੀਬ ਹੋ ਸਕੀ ਹੈ।