ਅੰਮ੍ਰਿਤਸਰ: 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ 2017 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਪਾਰਟੀ ਨੂੰ ਵਿਰੋਧੀ ਧਿਰ ਦਾ ਸਥਾਨ ਵੀ ਹਾਸਲ ਨਹੀਂ ਹੋਇਆ ਅਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਵੱਡੇ -ਵੱਡੇ ਆਗੂ ਪਾਰਟੀ ਛੱਡ ਗਏ। ਢੀਂਡਸਾ ਵੱਲੋਂ ਬਣਾਈ ਨਵੀਂ ਪਾਰਟੀ "ਸ਼੍ਰੋਮਣੀ ਅਕਾਲੀ ਦਲ (ਡੀ) ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਬੰਧੀ ਸੁਖਦੇਵ ਸਿੰਘ ਢੀਂਡਸਾ ਦੇ ਨੇੜਲੇ ਆਗੂ ਵਕੀਲ ਜਸਵੀਰ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਗਈ।
ਸਵਾਲ-1 ਸੁਖਦੇਵ ਸਿੰਘ ਢੀਂਡਸਾ ਗੁਰੂ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ 'ਚੋਂ ਬਾਹਰ ਕਿਉਂ ਨਹੀਂ ਆਏ ?
ਜਸਵੀਰ ਸਿੰਘ ਘੁੰਮਣ ਨੇ ਕਿਹਾ ਕਿ ਹੁਣ ਜਦੋਂ ਸੁਖਦੇਵ ਸਿੰਘ ਢੀਂਡਸਾ ਨਾਲ ਉਨ੍ਹਾਂ ਨਾਲ ਰਾਬਤਾ ਹੋਇਆ ਤਾਂ ਢੀਂਡਸਾ ਸਾਹਬ ਨੇ ਦਿਲ ਦਾ ਦਰਦ ਦੱਸਿਆ ਹੈ।ਢੀਂਡਸਾ ਉੱਚ ਕੋਟੀ ਦੇ ਲੀਡਰ ਹਨ ਅਤੇ ਉਨ੍ਹਾਂ ਦਾ ਇਤਿਹਾਸ ਵੀ ਵਧੀਆ ਹੈ,ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਉਸ ਦਿਨ ਤੋਂ ਹੀ ਪਾਰਟੀ 'ਚ ਰਹਿ ਕੇ ਵਿਰੋਧ ਕਰਦੇ ਰਹੇ ਹਨ, ਕੋਈ ਵੀ ਗੱਲ ਪਾਰਟੀ ਤੋਂ ਬਾਹਰ ਜਾ ਕੇ ਨਹੀਂ ਕਰਨਾ ਚਾਹੁੰਦੇ ਸਨ ਪਰ ਹੁਣ ਜਦੋਂ ਬਾਦਲ ਪਰਿਵਾਰ ਨੇ ਪਾਰਟੀ ਨੂੰ "ਕਾਰਪੋਰੇਟ ਘਰਾਣਾ" ਬਣਾ ਲਿਆ ਹੈ, ਵੱਡੇ-ਵੱਡੇ ਆਗੂਆਂ ਦਾ ਪਾਰਟੀ ਵਿੱਚ ਦਮ ਘੁੱਟਣ ਲੱਗ ਗਿਆ ਤਾਂ ਉਨ੍ਹਾਂ ਨੂੰ ਬਾਹਰ ਹੋਣਾ ਪਿਆ ਅਤੇ ਢੀਂਡਸਾ ਸਮੇਤ ਸਾਰੇ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਸਵਾਲ -2 ਪ੍ਰਕਾਸ਼ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ, ਉਨ੍ਹਾਂ ਦਾ ਢੀਂਡਸਾ ਮੁਕਾਬਲਾ ਕਰ ਸਕਣਗੇ ?
ਜਸਵੀਰ ਸਿੰਘ ਘੁੰਮਣ ਨੇ ਕਿਹਾ ਕਿ ਉਨ੍ਹਾਂ ਨੂੰ ਫਖਰ ਸੀ ਕਿ ਪ੍ਰਕਾਸ਼ ਸਿੰਘ ਬਾਦਲ ਵਧੀਆ ਲੀਡਰ ਹਨ ਪਰ ਬਾਦਲ ਸਾਹਿਬ ਨੇ ਅੰਦਰ ਖਾਤੇ ਪਤਾ ਨਹੀਂ ਕੀ ਕੀਤਾ ਕਿ ਵੱਡੇ- ਵੱਡੇ ਲੀਡਰਾਂ ਨੂੰ ਘਸਾ ਕੇ ਪਾਰਟੀ 'ਚੋਂ ਬਾਹਰ ਕੱਢਦੇ ਰਹੇ ਤੇ ਖੁਦ ਦੀ ਪਕੜ ਪਾਰਟੀ ਵਿੱਚ ਮਜ਼ਬੂਤ ਕਰਦੇ ਰਹੇ। ਉਨ੍ਹਾਂ ਕਿਹਾ ਕਿ ਅੰਤ ਅਤੇ ਖੁਦਾ ਦਾ ਵੈਰ ਹੁੰਦਾ ਹੈ। ਜਸਵੀਰ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸਿਰਫ਼ ਪਾਰਟੀ ਵਿੱਚ ਪ੍ਰਵੇਸ਼ ਹੀ ਨਹੀਂ ਕਰਵਾਇਆ ਸਗੋਂ ਸਿੱਧਾ ਲਿਆ ਕੇ ਮੰਤਰੀ ਬਣਾ ਦਿੱਤਾ ਤਾਂ ਦੂਜੇ ਪਾਸੇ ਪਿਛਲੀਆਂ 5-5 ਪੀੜ੍ਹੀਆਂ ਤੋਂ ਜੁੜੇ ਅਕਾਲੀ ਪਰਿਵਾਰਾਂ ਦੇ ਆਗੂਆਂ ਨੂੰ ਕੁਝ ਵੀ ਨਹੀਂ ਦਿੱਤਾ ਪਰ ਫਿਰ ਵੀ ਆਗੂ ਨਾਲ ਤੁਰੇ ਫਿਰੇ ਅਤੇ ਅਕਾਲੀ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਆਪਣੀ ਹੋਂਦ ਗੁਆਉਣ ਵਾਲੇ ਪਾਸੇ ਤੁਰਿਆ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਅਕਾਲੀ ਦਲ ਦੇ ਜਿੰਨੇ ਵੀ ਪ੍ਰਧਾਨ ਸਨ,ਉਨ੍ਹਾਂ ਲਈ ਸਿੱਖ ਪੰਥ ਪਹਿਲਾਂ ਅਤੇ ਪਰਿਵਾਰ ਬਾਅਦ 'ਚ ਸੀ,ਪਰ ਪ੍ਰਕਾਸ਼ ਸਿੰਘ ਬਾਦਲ ਪਹਿਲੇ ਪ੍ਰਧਾਨ ਸਨ, ਜਿਨ੍ਹਾਂ ਨੇ ਪਰਿਵਾਰ ਤਾਂ ਪਹਿਲਾਂ ਰੱਖਿਆ ਪਰ ਪੰਥ ਨੂੰ ਪਿੱਛੇ ਧੱਕਿਆ। ਉਸ ਦੀਆਂ ਕਈ ਉਦਾਹਰਨਾਂ ਹਨ, ਜਿਵੇਂ ਗੁਰਚਰਨ ਸਿੰਘ ਟੌਹੜਾ ਨੂੰ ਪਾਰਟੀ 'ਚੋਂ ਬਾਹਰ ਕੱਢਕੇ ਖੂੰਜੇ ਲਾ ਦਿੱਤਾ ਅਤੇ ਫਿਰ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਕਿਵੇਂ ਹੋਈ ? ਉਹਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਕਿ ਉਹ ਕਿਵੇਂ ਮਰਿਆ ? ਇੱਕੋ ਨੰਬਰ ਦੇ 2 ਟਰਾਲਿਆਂ ਵੱਲੋਂ ਕੈਪਟਨ ਕੰਵਲਜੀਤ ਸਿੰਘ ਦੀ ਸਰਕਾਰੀ ਕਾਰ ਨੂੰ ਮਸਲ ਦਿੱਤਾ, ਇਸ ਲਈ ਜਾਂਚ ਨਹੀਂ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਜਥੇਦਾਰਾਂ ਤੋਂ ਸੌਦਾ ਸਾਧ ਨੂੰ ਮੁਆਫ ਕਰਵਾਇਆ,ਇਹ ਸਾਰੀਆਂ ਘਟਨਾਵਾਂ ਅਕਾਲੀ ਦਲ ਨੂੰ ਰਸਾਤਲ ਵਾਲੇ ਪਾਸੇ ਲੈ ਗਈਆਂ ਅਤੇ ਅੰਦਰ ਬੈਠੇ ਆਗੂ ਏਨੀ ਘੁਟਣ ਮਹਿਸੂਸ ਕਰਨ ਲੱਗੇ ਜਿਵੇਂ ਕੋਰੋਨਾ ਤੋਂ ਖਤਰਨਾਕ ਬਿਮਾਰੀ ਲੱਗੀ ਹੋਵੇ,ਇਸ ਲਈ ਉਨ੍ਹਾਂ ਨੂੰ ਬਾਹਰ ਹੋਣਾ ਪਿਆ
3.. ਸਿਆਸੀ ਸਫ਼ਾਂ ਵਿੱਚ ਇਹ ਗੱਲ ਚੱਲਦੀ ਹੈ ਕਿ ਅਕਾਲੀ ਦਲ ਬਾਦਲ ਦੇ ਗ੍ਰਾਫ ਦੇ ਥੱਲੇ ਜਾਣ ਕਰਕੇ ਬੀਜੇਪੀ ਵੱਲੋਂ ਢੀਂਡਸਾ ਗਰੁੱਪ ਨੂੰ ਖੜ੍ਹਾ ਕੀਤਾ ਗਿਆ ?
ਜਸਵੀਰ ਸਿੰਘ ਘੁੰਮਣ ਨੇ ਕਿਹਾ ਕਿ ਹਰ ਕੋਈ ਆਪਣੀ ਨਜ਼ਰ ਨਾਲ ਦੇਖਦਾ ਹੈ ਜੋ ਸਾਡੀਆਂ ਉੱਪਰ ਦੀਆਂ ਤਾਕਤਾਂ ਹਨ, ਉਹ ਹਰ ਘੱਟ ਗਿਣਤੀ ਨੂੰ ਆਪਣੇ ਵੱਲ ਖਿੱਚਣ ਲਈ ਉਪਰਾਲੇ ਕਰਦੀਆਂ ਹਨ। ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਨੂੰ ਬਚਾਉਣ ਲਈ ਅੱਗੇ ਆਏ ਹਨ ਨਾ ਕਿ ਕਿਸੇ ਹੋਰ ਕੋਲ ਲਿਜਾਣ ਲਈ। ਅੱਜ ਜਦੋਂ ਸ੍ਰੋਮਣੀ ਅਕਾਲੀ ਦਲ ਗਰਕਣ ਵੱਲ ਤੁਰਿਆ ਸੀ, ਜੇ ਸੁਖਦੇਵ ਸਿੰਘ ਢੀਂਡਸਾ ਨਾ ਆਉਂਦੇ ਤਾਂ ਅਕਾਲੀ ਅਖਵਾਉਣਾ ਵੀ ਨਮੋਸ਼ੀ ਭਰਿਆ ਲੱਗਦਾ ਕਿਉਂਕਿ ਜਦੋਂ ਕੋਈ ਅਕਾਲੀ ਆਖਦਾ ਸੀ ਤਾਂ ਗਾਲ ਵਾਂਗ ਮਹਿਸੂਸ ਹੁੰਦਾ ਸੀ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਪੁਰਾਣੇ ਟਕਸਾਲੀਆ ਜੋ ਕਿ 40-40 ਸਾਲਾਂ ਤੋਂ ਅਕਾਲੀ ਨਾਲ ਜੁੜੇ ਸਨ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਨੂੰ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਸਵੀਰ ਸਿੰਘ ਘੁੰਮਣ ਨੇ ਕਿਹਾ ਕਿ ਫੈਡਰੇਸ਼ਨ ਕਿਸੇ ਸਮੇਂ ਅਕਾਲੀ ਦਲ ਦਾ ਹਰਿਆਵਲ ਦਸਤਾ ਹੁੰਦਾ ਸੀ,ਜਦੋਂ ਫੈਡਰੇਸ਼ਨ ਦੇ ਵਿਦਿਆਰਥੀ ਪੜ੍ਹ ਲਿਖ ਕੇ ਬਾਹਰ ਆਉਂਦੇ ਤਾਂ ਜੋ ਵੀ ਸਿਆਸਤ ਵਿੱਚ ਜਾਣਾ ਚਾਹੁੰਦਾ ਸੀ ਤਾਂ ਉਨ੍ਹਾਂ ਨੂੰ ਅਕਾਲੀ ਦਲ ਅਪਣਾਉਂਦਾ ਸੀ,ਕਿਸੇ ਨੂੰ ਵਰਕਿੰਗ ਕਮੇਟੀ ਵਿੱਚ ਲਿਆ ਜਾਂਦਾ ਤੇ ਕਿਸੇ ਨੂੰ ਐੱਮਐਲਏ ਦੀ ਟਿਕਟ ਦਿੱਤੀ ਜਾਂਦੀ ਸੀ।
4...ਹੁਣ ਤੱਕ ਬਹੁਤ ਅਕਾਲੀ ਦਲ ਬਣ ਗਏ ਹਨ ਤਾਂ ਢੀਂਡਸਾ ਦੇ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾਂ ?
ਵਕੀਲ ਘੁੰਮਣ ਨੇ ਕਿਹਾ ਕਿ ਅਕਾਲੀ ਦਲ ਇਸ ਕਰਕੇ ਬਹੁਤੇ ਬਣਦੇ ਰਹੇ ਹਨ ਕਿ ਜਿਹੜੇ ਬੰਦੇ ਦੀ ਕੋਈ ਪੇਸ਼ ਨਹੀਂ ਜਾਂਦੀ ਸੀ ਤੇ ਮਨ ਵਿੱਚ ਕੌਮ ਲਈ ਦਰਦ ਹੁੰਦਾ ਸੀ ਤਾਂ ਉਹ ਅਕਾਲੀ ਦਲ ਬਣਾ ਲੈਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਕਹਾਵਤ ਵਾਂਗ "ਘਰ ਦਾ ਭੇਤੀ" ਲੰਕਾ ਢਾਹੇ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਪਿਛਲੇ 55 ਸਾਲਾਂ ਤੋਂ ਪ੍ਰਕਾਸ਼ ਸਿੰਘ ਬਾਦਲ ਨਾਲ ਰਹੇ ਹਨ,ਉਹ ਪ੍ਰਕਾਸ਼ ਸਿੰਘ ਬਾਦਲ ਬਾਰੇ ਜਾਣਦੇ ਹਨ ਅਤੇ ਬਾਦਲ ਤੋਂ ਜ਼ਿਆਦਾ ਬਾਅਦ ਗੰਭੀਰ ਹਨ।ਉਨ੍ਹਾਂ ਕਿਹਾ ਕਿ ਜਿਵੇਂ ਬਾਦਲ ਸਾਹਬ ਕਹਿੰਦੇ ਹਨ ਕਿ ਉਨ੍ਹਾਂ ਨੂੰ ਧਰਤੀ ਕੀੜੀ ਤੁਰੀ ਜਾਂਦੀ ਦਿੱਸਦੀ ਹੈ ਪਰ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਦਿਸੀ ? ਗੁਰੂ ਸਾਹਿਬ ਦਾ ਅਪਮਾਨ ਨਹੀਂ ਦਿੱਸਿਆ ? ਜਿਸ ਕਾਰਨ ਇਹ ਘਟਨਾਵਾਂ ਬਾਦਲ ਦੇ ਰਾਜ ਨੂੰ ਲੈ ਕੇ ਬੈਠ ਗਈਆਂ, ਕਿਵੇਂ ਅਕਾਲੀ ਆਗੂਆਂ ਤੇ ਪਰਿਵਾਰਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪਿੱਛੇ ਧੱਕ ਦਿੱਤਾ ? ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਹੋਰ ਗਲਤ ਗਤੀਵਿਧੀਆਂ ਬਾਰੇ ਲੋਕਾਂ ਨੂੰ ਦੱਸਣਗੇ।
5..ਢੀਂਡਸਾ ਸਾਹਬ ਤਾਂ ਬਰਨਾਲਾ, ਸੰਗਰੂਰ ਦੇ ਲੀਡਰ ਮੰਨੇ ਜਾਂਦੇ ਹਨ ਅਤੇ ਮਾਲਵੇ ਵਿੱਚ ਉਨ੍ਹਾਂ ਦੀ ਪਕੜ ਹੋ ਸਕਦੀ ਹੈ ਪਰ ਮਾਝੇ ਤੇ ਦੁਆਬੇ ਵਿੱਚ ਖਾਸ ਉਨ੍ਹਾਂ ਦਾ ਖਾਸ ਲਗਾਅ ਨਹੀਂ।
ਉਨ੍ਹਾਂ ਕਿਹਾ ਕਿ ਦੁਆਬੇ ਵਿੱਚ ਵੀ ਉਨ੍ਹਾਂ ਵੱਲੋਂ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਪਿਛਲੇ ਦਿਨੀਂ ਯੂਨਾਈਟਿਡ ਅਕਾਲੀ ਦਲ, ਸੁਖਦੇਵ ਸਿੰਘ ਢੀਂਡਸਾ ਦੇ ਦਲ ਵਿੱਚ ਮਰਜ ਹੋਇਆ, ਵਕੀਲਾਂ ਦਾ ਇੱਕ ਵੱਡਾ ਸਮੂਹ ਉਨ੍ਹਾਂ ਨਾਲ ਸ਼ਾਮਲ ਹੋਇਆ, ਮੰਦਰ ਕਮੇਟੀਆਂ ਆ ਰਹੀਆਂ ਹਨ, ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦਾ ਪ੍ਰਧਾਨ ਮਨਜੀਤ ਸਿੰਘ ਵੀ ਉਨ੍ਹਾਂ ਨਾਲ ਰਲ ਗਿਆ ਹੈ ਅਤੇ ਦਿਨੋਂ ਦਿਨ ਲੋਕ ਉਨ੍ਹਾਂ ਨਾਲ ਆ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਦਲ ਦਿਨ ਦੋਗੁਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।
6...ਪੰਜਾਬ ਵਿੱਚ ਕਾਂਗਰਸ ਦਾ ਰਾਜ ਹੈ,ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਆਧਾਰ ਮੰਨਦੇ ਹਨ ਕਿ 2022 ਦੀਆਂ ਚੋਣਾਂ ਵਿੱਚ ਮੁਕਾਬਲਾ ਚੌਤਰਫਾ,ਤਿੰਨ ਤਰਫ਼ਾ ਜਾਂ ਦੋ ਤਰਫ਼ਾ ਹੋਵੇਗਾ
ਵਕੀਲ ਜਸਵੀਰ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਵਿੱਚ ਹਮੇਸ਼ਾ ਮੁਕਾਬਲਾ ਦੋ ਤਰਫਾ ਹੁੰਦਾ ਹੈ,ਕਦੇ ਵੀ ਤਿੰਨ ਤਰਫਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਰਨ ਦੀ ਗੱਲ ਕੀਤੀ,ਉਨ੍ਹਾਂ ਨੂੰ ਅੱਜ ਵਿਰੋਧੀ ਧਿਰ ਦੀ ਕੁਰਸੀ ਵੀ ਨਹੀਂ ਨਸੀਬ ਹੋਈ ਤਾਂ ਕਰਕੇ ਪਿਛਲੀਆਂ ਚੋਣਾਂ ਵਿੱਚ ਵੀ ਮੁਕਾਬਲਾ ਦੋ ਧਿਰਾ ਵਿੱਚ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਜਿਹੜੇ ਅਕਾਲੀ ਦਲ ਦੀ ਅਗਵਾਈ ਸੁਖਦੇਵ ਸਿੰਘ ਢੀਂਡਸਾ ਕਰ ਰਹੇ ਹਨ, ਉਸ ਦਾ ਮੁਕਾਬਲਾ ਕਾਂਗਰਸ ਨਾਲ ਹੋਵੇਗਾ ਹੋਰ ਕੋਈ ਪਾਰਟੀ ਮੁਕਾਬਲੇ ਵਿੱਚ ਨਹੀਂ ਹੈ।