ਅੰਮ੍ਰਿਤਸਰ: ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀਆਂ ਘਟਨਾਵਾਂ ਨੂੰ ਵਧਣ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਪ੍ਰੈਸ ਨੋਟ ਜਾਰੀ ਕਰਦਿਆਂ ਸਖ਼ਤ ਤਾੜਨਾ ਕੀਤੀ ਹੈ ਕਿ ਬਿਜਲੀ ਯੰਤਰਾਂ ਦਾ ਸਹੀ ਉਪਯੋਗ ਨਾਂ ਕਰਨ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਦੀਆਂ ਦੁਖਦਾਈ ਘਟਨਾਵਾਂ ਦਿਨੋਂ-ਦਿਨ ਵਧ ਰਹੀਆਂ ਹਨ।
ਬੀਤੇ ਦਿਨੀਂ ਜਗਰਾਉਂ ਦੇ ਗੁਰਦੁਆਰਾ ਅਜੀਤਸਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਿਧੌਰ, ਮਜੌਲਾ ਜ਼ਿਲ੍ਹਾ ਪੀਲੀਭੀਤ (ਯੂ.ਪੀ) ਵਿਖੇ ਬਿਜਲੀ ਦਾ ਸ਼ਾਰਟ-ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਹਨ, ਜੋ ਕਿ ਬਹੁਤ ਹੀ ਦੁਖਦਾਈ ਹੈ। ਇਸ ਘਟਨਾ ਨਾਲ ਹਰ ਸਿੱਖ ਦੇ ਹਿਰਦੇ ਨੂੰ ਠੇਸ ਪਹੁੰਚੀ ਹੈ।
ਜਥੇਦਾਰ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਅਜਿਹੇ ਹਾਦਸੇ ਰੁਕ ਨਹੀਂ ਰਹੇ। ਉਨ੍ਹਾਂ ਕਿਹਾ ਕਿ ਜੇਕਰ ਹਰੇਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਸੁਹਿਰਦਤਾ ਨਾਲ ਨਿਭਾਏ ਤਾਂ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: IPS ਗੌਰਵ ਯਾਦਵ ਨੂੰ ਪੰਜਾਬ 'ਚ ਮਿਲੀ ਵੱਡੀ ਜ਼ਿੰਮੇਵਾਰੀ