ਅੰਮ੍ਰਿਤਸਰ : ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਕੱਠੇ ਹੋਕੇ ਹਿੰਦੂ ਯਾਤਰੀਆਂ ਦਾ ਇਕ ਜੱਥਾ ਅੱਜ ਅਟਾਰੀ ਵਾਘਾ ਸਰਹੱਦ ਰਾਹੀਂ ਕਟਾਸਰਾਜ ਦੀ ਯਾਤਰਾ ਲਈ ਰਵਾਨਾ ਹੋਇਆ ਹੈ। ਇਹ ਜਥਾ ਦੁਰਗਿਆਣਾ ਮੰਦਿਰ ਤੋਂ ਪਾਕਿਸਤਾਨ ਵਿੱਚ ਆਪਣੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ ਹੈ। ਜਾਣਕਾਰੀ ਮੁਤਾਬਿਕ ਕੁੱਲ 115 ਦੇ ਕਰੀਬ ਹਿੰਦੂ ਯਾਤਰੀਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਪਾਕਿਸਤਾਨੀ ਦੂਤਾਵਾਸ ਤੋਂ 68 ਯਾਤਰੀਆਂ ਨੂੰ ਹੀ ਪਾਕਿਸਤਾਨ ਜਾਣ ਦਾ ਵੀਜ਼ਾ ਮਿਲਿਆ ਹੈ।
ਵੀਜ਼ਾ ਪ੍ਰਣਾਲੀ ਸਰਲ ਕਰਨ ਦੀ ਅਪੀਲ: ਰਵਾਨਗੀ ਤੋਂ ਪਹਿਲਾਂ ਗੱਲਬਾਤ ਕਰਦਿਆਂ ਹਿੰਦੂ ਯਾਤਰੀਆਂ ਨੇ ਦਸਿਆ ਕਿ ਪਾਕਿਸਤਾਨ ਵਿੱਚ ਕਟਾਸਰਾਜ ਦੀ ਯਾਤਰਾ ਸ਼ਿਵ ਬੋਲੇ ਨਾਥ ਜੀ ਦੇ ਮੰਦਿਰ ਦੇ ਦਰਸ਼ਨ ਕਰਨ ਅਤੇ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਹੀ ਜਥਾ ਪਾਕਿਸਤਾਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਿਲਕੁਲ ਮੌਕੇ ਉੱਤੇ ਵੀਜ਼ਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਹਫ਼ਤਾ ਪਹਿਲਾਂ ਵੀਜ਼ਾ ਮਿਲਿਆ ਹੁੰਦਾ ਤਾਂ ਸਾਰੇ ਸਹੀ ਤਰੀਕੇ ਨਾਲ ਆਪਣੀ ਤਿਆਰੀ ਕਰ ਸਕਦੇ ਸਨ। ਇਸ ਨਾਲ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸ਼ਰਧਾਲੂਆਂ ਨੇ ਦੋਵਾਂ ਸਰਕਾਰਾਂ ਨੂੰ ਵੀਜ਼ਾ ਪ੍ਰਣਾਲੀ ਨੂੰ ਸਰਲ ਕਰਨ ਦੀ ਅਪੀਲ ਕੀਤੀ ਹੈ। ਤਾਂਕਿ ਜੋ ਵੀ ਸ਼ਰਧਾਲੂ ਪਾਕਿਸਤਾਨ ਜਾਂ ਭਾਰਤ ਵਿਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨਾਂ ਚਾਹੁੰਦਾ ਹੈ ਉਸਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ: History of Bhai Behlo Sahib Gurudwara : ਜਾਣੋ, ਭਾਈ ਬਹਿਲੋ ਸਾਹਿਬ ਗੁਰੂਘਰ ਦਾ ਇਤਿਹਾਸ
ਕਈ ਸ਼ਰਧਾਲੂਆਂ ਦੇ ਵੀਜ਼ੇ ਹੋਏ ਰੱਦ: ਸ਼ਰਧਾਲੂਆਂ ਨੇ ਕਿਹਾ ਕਿ ਵੀਜ਼ਾ ਲੈਣ ਉੱਤੇ ਬੇਲੋੜੀ ਰੋਕਟੋਕ ਨਹੀਂ ਹੋਣੀ ਚਾਹੀਦੀ। ਪਹਿਲ ਦੇ ਆਧਾਰ ਉੱਤੇ ਵੀਜ਼ੇ ਲੱਗਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਵਿਚ ਕਟਾਸਰਾਜ ਮੰਦਿਰ ਦੇ ਦਰਸ਼ਣ ਕਰ ਕੇ 22 ਫ਼ਰਵਰੀ ਨੂੰ ਭਾਰਤ ਮੁੜਨਗੇ। 115 ਸ਼ਰਧਾਲੂਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਪਾਕਿਸਤਾਨ ਦੂਤਾਵਾਸ ਨੇ ਕਈ ਸ਼ਰਧਾਲੂਆਂ ਦੇ ਵੀਜ਼ੇ ਰੱਦ ਕੀਤੇ ਹਨ। ਇਸ ਨਾਲ ਕਈਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ।
ਦੋਵਾਂ ਸਰਕਾਰਾਂ ਨੂੰ ਯਾਤਰੀਆਂ ਦੀ ਅਪੀਲ: ਇਸ ਮੌਕੇ ਸ਼ਰਧਾਲੂ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਇਸ ਤਰ੍ਹਾਂ ਜਥੇ ਦੇ ਰੂਪ ਵਿੱਚ ਜਾ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਆਪਸੀ ਭਾਈਚਾਰਕ ਸਾਂਝ ਬਣਾਉਣ ਲਈ ਹੋਰ ਉਪਰਾਲੇ ਕਰਨ ਤਾਂ ਜੋ ਲੋਕਾਂ ਵਿਚਾਲੇ ਭਾਈਚਾਰਕ ਸਾਂਝ ਬਣਾਈ ਜਾ ਸਕੇ।