ਅੰਮ੍ਰਿਤਸਰ: ਦਰਿਆ ਬਿਆਸ ਕੰਢੇ ਪੈਂਦੇ ਇਲਾਕਿਆਂ ਵਿੱਚ ਪੁਲਿਸ ਦੀ ਨੱਕ ਹੇਠ ਨਾਜਾਇਜ਼ ਰੇਤ ਦੇ ਕਾਰੋਬਾਰ ਤੋਂ ਪਰਦਾ ਚੁੱਕਦਿਆਂ ਡੀ.ਐਸ.ਪੀ ਮਾਈਨਿੰਗ ਵਿਭਾਗ ਪੰਜਾਬ ਵੱਲੋਂ ਦਰਿਆ ਬਿਆਸ ਕੰਢੇ ਪੈਂਦੇ ਇੱਕ ਪਿੰਡ ਦੀ ਹੱਦ ਨੇੜਿਉਂ ਮਾਈਨਿੰਗ ਦੀ ਵਰਤੋਂ ਦਾ ਭਾਰੀ ਸਮਾਨ ਅਤੇ ਵਾਹਨ ਬਰਾਮਦ ਕਰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਡੀ.ਐਸ.ਪੀ ਮਾਈਨਿੰਗ ਵਿਭਾਗ ਵੱਲੋਂ ਦਿੱਤੀ ਦਰਖਾਸਤ ਦੇ ਅਧਾਰ 'ਤੇ ਥਾਣਾ ਬਿਆਸ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਂਚ ਅਧਿਕਾਰੀ ਚੈਂਚਲ ਮਸੀਹ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਾਈਨਿੰਗ ਵਿਭਾਗ ਪੰਜਾਬ ਡੀ.ਐਸ.ਪੀ ਬਲਜੀਤ ਸਿੰਘ ਵਲੋਂ ਮਿਲੀ ਦਰਖਾਸਤ ਵਿੱਚ ਉਨ੍ਹਾਂ ਦੱਸਿਆ ਕਿ ਕੋਟ ਮਹਿਤਾਬ ਵਿਖੇ ਇੱਕ ਪੋਕ ਲੈਨ, 02 ਜੇ.ਸੀ.ਬੀ, 02 ਟਿੱਪਰ ਨਾਲ ਮਾਈਨਿੰਗ ਹੋਣੀ ਪਾਈ ਗਈ ਅਤੇ ਅਣਪਛਾਤੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਹਨ, ਜਿਸ ਦੇ ਅਧਾਰ 'ਤੇ ਥਾਣਾ ਬਿਆਸ ਵਿਖੇ ਮੁੱਕਦਮਾ ਨੰ 69 ਧਾਰਾ 379, 420 ਭ:ਦ: 21(1), 4 (1) ਮਾਈਨਿੰਗ ਐਕਟ 1957 ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮਾਈਨਿੰਗ ਮਾਫੀਆ ਤੇ ਨਕੇਲ ਕਸਣ ਦੇ ਦਾਅਵੇ ਕਰਨ ਵਾਲੀ ਸੱਤਾਧਾਰੀ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਸਾਰ ਕਥਿਤ ਰੂਪ 'ਚ ਪੰਜਾਬ ਵਿੱਚ ਮਾਈਨਿੰਗ ਮਾਫੀਆ ਤੇ ਕਾਬੂ ਪਾ ਲੈਣ ਦੀ ਗੱਲ ਕਹੀ ਸੀ ਪਰ ਇਸ ਦੇ ਉਲਟ ਜੇਕਰ ਇਸ ਮਾਮਲੇ ਨਾਲ ਜੁੜੇ ਮੁੱਕਦਮਿਆਂ ਦੀ ਰਿਪੋਰਟ ਦੇਖੀ ਜਾਵੇ ਤਾਂ ਇਹ ਦੇਖਣਾ ਹੈਰਾਨੀ ਜਨਕ ਹੋਵੇਗਾ ਕਿ ਵਧੇਰੇਤਰ ਮਾਮਲਿਆਂ ਵਿੱਚ ਪੁਲਿਸ ਵਲੋਂ ਮਾਈਨਿੰਗ ਨਾਲ ਜੁੜੀ ਸਮੱਗਰੀ ਦੀ ਰਿਕਵਰੀ ਤਾਂ ਦਿਖਾਈ ਜਾਂਦੀ ਹੈ ਪਰ ਬਰਾਮਦਗੀ ਸਥਾਨ ਤੇ ਮੁੜ ਕੁਝ ਸਮੇਂ ਬਾਅਦ ਕਥਿਤ ਤੌਰ ਤੇ ਓਵੇਂ ਹੀ ਮਾਈਨਿੰਗ ਹੋਣ ਦੀਆਂ ਖਬਰਾਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ।