ਅੰਮ੍ਰਿਤਸਰ : ਪੰਜਾਬ ਵਿੱਚ ਹੜ੍ਹਾਂ ਕਾਰਨ ਹਲਾਤ ਬੇਹਾਲ ਹਨ ਤੇ ਲੋਕ ਘਰੋਂ ਬੇਘਰ ਹੋ ਗਏ ਹਨ। ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਇਕਜੁੱਟ ਹੋ ਕੇ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਪੰਜਾਬ ਦੇ ਲੋਕਾਂ ਨੂੰ ਮਦਦ ਦੀ ਅਪੀਲ ਕਰਨ ਲਈ ਪੰਜਾਬੀ ਇੰਡਸਟਰੀ ਦੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਹੜ੍ਹ ਪੀੜਤ ਲੋਕਾਂ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਉਹਨਾਂ ਕਿਹਾ ਜੋ ਕੋਈ ਵੀ ਜਿਥੇ ਕੀਤੇ ਵੀ ਹੋਏ ਆਪਣੀ ਹੈਸੀਅਤ ਅਨੁਸਾਰ ਲੋਕਾਂ ਦੀ ਮਦਦ ਕਰੇ। ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦਾ ਸੁਭਾਅ ਹੈ ਇਕੱਠੇ ਹੋ ਕੇ ਚੱਲਣਾ ਤੇ ਹੁਣ ਵੀ ਇਕੱਠੇ ਹੋਣ ਦੀ ਲੋੜ ਹੈ।
ਇੱਕਜੁੱਟ ਹੋ ਕੇ ਚੱਲਣ ਦੀ ਜ਼ਰੂਰਤ: ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਜੇ ਕੁਝ ਸਮਾਂ ਹੋਇਆ ਹੈ ਤੇ ਇਸ ਲਈ ਅਜੇ ਸਰਕਾਰ ਉੱਤੇ ਕਿੰਤੂ ਪ੍ਰੰਤੂ ਕਰਨਾ ਨਹੀਂ ਬਣਦਾ। ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਮਦਦ ਕਰ ਰਹੇ ਹੈ। ਉਹਨਾਂ ਨੇ ਕਿਹਾ ਕਿ ਜੇਕਰ ਲੋਕਾਂ ਨੇ ਬਦਲਾਅ ਲਿਆਂਦਾ ਹੈ ਤਾਂ ਉਹ ਖੁਦ ਹੀ ਉਹਨਾਂ ਨੂੰ ਜਵਾਬ ਵੀ ਦੇਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਘੁੱਗੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਅਤੇ ਪੰਜਾਬੀਅਤ ਲਈ ਇੱਕਜੁੱਟ ਹੋ ਕੇ ਚੱਲਣ ਦੀ ਜ਼ਰੂਰਤ ਹੈ। ਘੁੱਗੀ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਸਾਨੂੰ ਮਿਲ ਜੁਲ ਕੇ ਲੜਨਾ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਸ ਆਫਤਾਂ ਦੇ ਦੌਰਾਨ ਜੋ ਪਾਣੀ ਖੜ੍ਹਾ ਹੋਇਆ ਉਸ ਨਾਲ ਉਹ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਅਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ।
ਆਪਦਾ ਤੋਂ ਬਚਾਅ ਲਈ ਖੁਦ ਪੈਰਾਂ 'ਤੇ ਖੜੇ ਲੋਕ: ਇੱਥੇ ਜ਼ਿਕਰਯੋਗ ਹੈ ਕੀ ਪੰਜਾਬ ਵਿੱਚ ਆਈ ਇਸ ਕੁਦਰਤੀ ਆਫਤ ਤੋਂ ਬਚਾਅ ਲਈ ਲੋਕ ਅੱਗੇ ਆ ਰਹੇ ਹਨ ਤੇ ਪੀੜਤਾਂ ਦੀ ਮਦਦ ਕਰ ਰਹੇ ਹਨ। ਲੋਕ ਇਕੱਠੇ ਹੋਕੇ ਪੀੜਤਾਂ ਤਕ ਰੋਟੀ, ਪਾਣੀ ਤੇ ਪਸ਼ੂਆਂ ਦਾ ਚਾਰਾ ਪਹੁੰਚਾ ਰਹੇ ਹਨ ਤਾਂ ਜੋ ਉਹਨਾਂ ਨੂੰ ਸਹਾਰਾ ਮਿਲ ਸਕੇ।