ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਨੰਗਲੀ ਵਿਖੇ ਉਸ ਸਮੇ ਮਾਹੌਲ ਗਮਗੀਨ ਹੋ ਗਿਆ ਜਦੋਂ ਇੱਕ ਪਰਿਵਾਰ ਦਾ ਇਕਲੌਤਾ ਪੁੱਤਰ ਗੁਰਪ੍ਰੀਤ ਨਾਮ ਦਾ 22 ਸਾਲਾ ਨੋਜਵਾਨ ਜੋ ਕਿ ਬੀਤੇ ਕੁਝ ਮਹੀਨੇ ਪਹਿਲਾ ਸਟੱਡੀ ਵੀਜੇ ਤੇ ਕੈਨੇਡਾ ਦੇ ਟੋਰੰਟੋ ਸ਼ਹਿਰ ਵਿਚ ਗਿਆ ਸੀ। ਮਾਤਾ ਪਿਤਾ ਵੱਲੋਂ ਆਪਣੀ ਸਾਰੀ ਜਮਾਂ ਪੂੰਜੀ ਅਤੇ ਕਰਜਾ ਚੁੱਕ ਪੁੱਤਰ ਨੂੰ ਇਸ ਆਸ ਵਿੱਚ ਕੈਨੇਡਾ ਭੇਜਿਆ ਸੀ ਕਿ ਉਹਨਾਂ ਦਾ ਪੁੱਤਰ ਵਿਦੇਸ਼ ਵਿਚ ਪੜ ਲਿਖ ਕੇ ਵੱਡਾ ਆਦਮੀ ਬਣ ਪਰਿਵਾਰ ਦਾ ਸਹਾਰਾ ਬਣੇਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਪੁੱਤ ਨੂੰ ਉਹ ਵਿਦੇਸ਼ ਭੇਜ ਰਹੇ ਹਨ ਉਸਨੇ ਮੁੜ ਵਾਪਿਸ ਨਹੀਂ ਆਉਣਾ।
ਇਹ ਵੀ ਪੜੋ: ਬੇਰੁਜ਼ਗਾਰ ਅਧਿਆਪਕਾਂ 'ਤੇ ਵਰ੍ਹਾਈਆਂ ਡਾਂਗਾਂ ਦੀ ਸੁਖਬੀਰ ਬਾਦਲ ਨੇ ਕੀਤੀ ਨਿਖੇਧੀ
ਮ੍ਰਿਤਕ ਦੇ ਪਿਤਾ ਸਤਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਛੁੱਟੀ ਵਾਲੇ ਦਿਨ ਆਪਣੇ ਦੋਸਤਾਂ ਨਾਲ ਟੋਰੰਟੋ ਦੇ ਸਾਗਾ ਬੀਚ ਤੇ ਨਹਾਉਣ ਗਿਆ ਜਿਥੇ ਨਹਾਉਂਦੇ ਸਮੇਂ ਡੁੱਬਣ ਕਾਰਨ ਉਸਦੀ ਮੌਤ ਹੋ ਗਈ ਜੋ ਕਿ ਸਾਡਾ ਇਕੱਲਾ ਪੁੱਤਰ ਸੀ ਅਤੇ ਸਾਡੇ ਬੁਢਾਪੇ ਦਾ ਸਹਾਰਾ ਸੀ। ਅਸੀਂ ਬੜੀਆਂ ਆਸਾ ਨਾਲ ਉਸ ਨੂੰ ਬਾਹਰ ਪੜਨ ਲਈ ਭੇਜਿਆ ਸੀ ਪਰ ਸਾਨੂੰ ਕਿ ਪਤਾ ਸੀ ਕਿ ਉਸ ਨਾਲ ਇਹ ਭਾਣਾ ਵਰਤ ਜਾਵੇਗਾ।
ਉਸਦੇ ਜਾਣ ਨਾਲ ਜਿੱਥੇ ਪਰਿਵਾਰ ਵਿੱਚ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਇਕਲੌਤੇ ਪੁੱਤ ਦੀ ਮੌਤ ਦੀ ਖਬਰ ਸੁਣ ਉਸਦੀ ਮਾਂ ਦੀ ਹਾਲਤ ਵੀ ਨਾਜੂਕ ਬਣੀ ਹੋਈ ਹੈ। ਅਜੇ ਉਸਦੀ ਡੈਡ ਬਾਡੀ ਆਉਣੀ ਬਾਕੀ ਹੈ ਜਿਸ ਲਈ ਉਸਦਾ ਮਾਮਾ ਅਤੇ ਹੋਰ ਰਿਸ਼ਤੇਦਾਰ ਕਾਰਵਾਈ ਵਿਚ ਲੱਗੇ ਹਨ। ਉੱਧਰ ਦੂਜੇ ਪਾਸੇ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਵੱਲੋਂ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਲਈ ਗੁਹਾਰ ਲਗਾਈ ਗਈ ਹੈ ਤਾਂ ਜੋ ਇਹਨਾਂ ਦੇ ਬੁਢਾਪੇ ਦਾ ਸਹਾਰਾ ਛਿਣ ਗਿਆ ਉਹਨਾ ਨੂੰ ਕੋਈ ਆਸਰਾ ਮਿਲ ਸਕੇ।