ਅੰਮ੍ਰਿਤਸਰ: ਬੀਤੀ ਰਾਤ ਸ਼ੇਰਾਂ ਵਾਲਾ ਗੇਟ ਦੀ ਪੱਕੀ ਗਲੀ 'ਚ ਕੁਝ ਨੌਜਵਾਨਾਂ ਨੇ ਸੁਸ਼ਾਂਤ ਨਾਂਅ ਦੇ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਗੰਭੀਰ ਜ਼ਖ਼ਮੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਖ਼ਮੀ ਨੌਜਵਾਨ ਸੁਸ਼ਾਂਤ ਅਰੋੜਾ ਨੂੰ ਉਸਦੇ ਦੋਸਤਾਂ ਨੇ ਮਜੀਠਾ ਰੋਡ ਸਥਿਤ ਈ.ਐੱਨ.ਟੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ।
ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸਤਾਂ ਨੇ ਦੱਸਿਆਂ ਕਿ ਬੀਤੀ ਰਾਤ 9.15 ਦੇ ਕਰੀਬ ਉਹ ਸਾਰੇ ਸੁਸ਼ਾਂਤ ਅਰੋੜਾ ਦੇ ਨਾਲ ਪੱਕੀ ਗਲੀ ਵਿਚ ਖੜੇ ਸਨ ਕਿ ਅਚਾਨਕ ਇਲਾਕੇ ਦੇ ਹੀ ਕੁਝ ਨੌਜਵਾਨਾਂ ਨੇ ਸੁਸ਼ਾਂਤ ਅਰੋੜਾ ਦੇ ਗੱਲੇ 'ਤੇ ਤੇਜ਼ਧਾਰ ਹਥਿਆਰ ਮਾਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਅਤੇ ਜਦ ਉਨ੍ਹਾਂ ਗੰਭੀਰ ਜਖਮੀ ਸੁਸ਼ਾਂਤ ਨੂੰ ਹਸਪਤਾਲ ਲਿਜਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਤੇ ਜਖ਼ਮੀ ਨੌਜਵਾਨ ਸੁਸ਼ਾਂਤ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ।
ਜ਼ਿਕਰਯੋਗ ਹੈ ਕਿ ਸੁਸ਼ਾਂਤ ਦੇ ਮਾਤਾ-ਪਿਤਾ ਨਹੀਂ ਹਨ ਅਤੇ ਉਹ ਨਮਕ ਮੰਡੀ ਦੇਵੀ ਵਾਲੀ ਗਲੀ ਵਿਚ ਇਕੱਲਾ ਹੀ ਰਹਿੰਦਾ ਹੈ। ਹਮਲਾ ਕਰਨ ਵਾਲੇ ਦੋਸ਼ੀ ਵੀ ਪੱਕੀ ਗਲੀ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਜ਼ਦੀਕੀ ਥਾਣੇ ਵਿੱਚ ਸੂਚਨਾ ਦੇ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ 307 ਦਾ ਪਰਚਾ ਦਰਜ ਕਰ ਲਿਆ ਹੈ ਅਤੇ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ।