ਅੰਮ੍ਰਿਤਸਰ: ਸ਼ਹਿਰ ਦੇ ਟ੍ਰਿਲਿਅਮ ਮਾਲ ਦੀ ਛੱਤ ਉੱਤੇ ਲੜਕੀ ਵੱਲੋਂ ਹੰਗਾਮਾ ਕੀਤਾ ਗਿਆ। ਕਰੀਬ 2 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਨੇ ਲੜਕੀ ਨੂੰ ਛੱਤ ਤੋਂ ਹੇਠਾਂ ਉਤਾਰਿਆ। ਲੜਕੀ ਦੀ ਉਮਰ 23 ਸਾਲ ਹੈ। ਪੁਲਿਸ ਵੱਲੋਂ ਲੜਕੀ ਦੇ ਪਰਿਵਾਰ ਨੂੰ ਬੁਲਾਇਆ ਗਿਆ ਹੈ ਅਤੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਛੱਤ ਤੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਿਉ ਕੀਤੀ ਹੈ। ਏਸੀਪੀ ਨਾਰਥ ਵਰਿੰਦਰ ਖੋਸਾ ਨੇ ਦੱਸਿਆ ਕਿ ਲੜਕੀ ਜਿਸ ਨਾਲ ਪਿਆਰ ਕਰਦੀ ਹੈ, ਉਸ ਦੇ ਪਰਿਵਾਰ ਵਾਲੇ ਉਸ ਲੜਕੇ ਨਾਲ ਵਿਆਹ ਲਈ ਨਹੀਂ ਮੰਨ ਰਹੇ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਪੁਲਿਸ ਨੇ ਇੰਝ ਬਚਾਈ ਲੜਕੀ ਦੀ ਜਾਨ: ਏਸੀਪੀ ਨਾਰਥ ਵਰਿੰਦਰ ਖੋਸਾ ਮੁਤਾਬਕ, ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਰਾਤ ਕਰੀਬ 10 ਕੁ ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਲੜਕੀ ਟ੍ਰੀਲਿਅਮ ਮਾਲ ਦੀ ਛੱਤ ਉੱਤੇ ਚੜ੍ਹ ਗਈ ਹੈ। ਕੁੱਝ ਮਿੰਟਾਂ ਵਿੱਚ ਪਹੁੰਚ ਕੇ ਪੁਲਿਸ ਨੇ ਲੜਕੀ ਨੂੰ ਖੁਦਕੁਸ਼ੀ ਨਾ ਕਰਨ ਲਈ ਸਮਝਾਉਂਦੇ ਰਹੇ। ਲੜਕੀ ਦੇ ਪਰਿਵਾਰਿਕ ਮੈਂਬਰ ਵੀ ਮੌਕੇ ਉੱਤੇ ਪਹੁੰਚੇ ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਲੜਕੀ ਨਹੀਂ ਮੰਨੀ। ਫਿਰ ਆਖ਼ਰ ਪੁਲਿਸ ਨੇ ਲੜਕੀ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਜਿਵੇਂ ਉਸ ਦਾ ਧਿਆਨ ਛੱਤ ਤੋਂ ਹੇਠਾਂ ਗਿਆ, ਤਾਂ ਪੁਲਿਸ ਨੇ ਉਸ ਨੂੰ ਆਪਣੇ ਵੱਲ ਉਪਰ ਖਿੱਚ ਲਿਆ। ਇਸ ਤਰ੍ਹਾਂ ਪੁਲਿਸ ਨੇ ਉਸ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ।
ਏਸੀਪੀ ਨਾਰਥ ਵਰਿੰਦਰ ਖੋਸਾ ਨੇ ਦੱਸਿਆ ਕਿ ਫਿਰ ਮਾਲ ਦੇ ਹੇਠਾਂ ਮਾਲ ਦੇ ਪ੍ਰਬੰਧਕਾਂ ਦੀ ਮਦਦ ਨਾਲ ਗੱਦੇ ਤੇ ਜਾਲ ਵਿਛਾਇਆ ਗਿਆ, ਤਾਂ ਜੋ ਉਹ ਛਾਲ ਮਾਰੇਗੀ, ਤਾਂ ਉਸ ਦਾ ਰੈਸਕਿਓ ਹੋ ਸਕੇ। ਉਨ੍ਹਾਂ ਕਿਹਾ ਲੜਕੀ ਦੀ ਪਛਾਣ ਉਹ ਗੁਪਤ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੜਕੀ ਜਿਸ ਲੜਕੇ ਨੂੰ ਪਸੰਦ ਕਰਦੀ ਹੈ, ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ, ਪਰ ਉਸ ਦੇ ਪਰਿਵਾਰ ਵਾਲੇ ਨਹੀਂ ਮੰਨ ਰਹੇ ਜਿਸ ਕਾਰਨ ਲੜਕੀ ਨੇ ਇਹ ਕਦਮ ਚੁੱਕਿਆ। ਖੋਸਾ ਨੇ ਕਿਹਾ ਕਿ ਲੜਕੀ ਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਕਿਉਂਕਿ ਉਹ 23 ਸਾਲ ਦੀ ਹੈ, ਜਿਸ ਨਾਲ ਵਿਆਹ ਕਰਵਾਉਣ ਲਈ ਕਹੇਗੀ, ਉਸ ਨਾਲ ਭੇਜਣਾ ਹੈ ਜਾਂ ਨਹੀਂ ਅਦਾਲਤ ਇਸ ਦਾ ਫੈਸਲਾ ਕਰੇਗੀ।
ਪਰਿਵਾਰ ਵਾਲੇ ਪ੍ਰੇਮ ਵਿਆਹ ਲਈ ਨਹੀਂ ਮੰਨੇ, ਤਾਂ ਹੋਈ ਪ੍ਰੇਸ਼ਾਨ : ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਲੜਕੀ ਪ੍ਰੇਮ ਪ੍ਰਸੰਗ ਵਿੱਚ ਹੈ ਅਤੇ ਜਿਸ ਲੜਕੇ ਨਾਲ ਉਹ ਵਿਆਹ ਕਰਵਾਉਣਾ ਚਾਹੁੰਦੀ ਹੈ, ਉਸ ਦੇ ਪਰਿਵਾਰ ਵਾਲੇ ਲੜਕੇ ਲਈ ਰਾਜ਼ੀ ਨਹੀਂ ਹੋ ਰਹੇ। ਜਿਸ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਨੇ ਇਹ ਕਦਮ ਚੁੱਕਿਆ। ਉਹ ਟ੍ਰੀਲਿਅਮ ਮਾਲ ਦੇ ਫੂਡ ਕੋਰਟ ਦੇ ਬਾਹਰ ਬਣੇ ਓਪਨ ਏਰੀਆ ਤੋਂ ਹੇਠਾਂ ਛਾਲ ਮਾਰਨ ਲਈ ਚੜ੍ਹ ਗਈ, ਪਰ ਪੁਲਿਸ ਦੀ ਮੁਸਤੈਦੀ ਨੇ ਲੜਕੀ ਦੀ ਜਾਨ ਬਚਾ ਕੇ ਉਸ ਨੂੰ ਅਜਿਹਾ ਗਲਤ ਕਦਮ ਚੁੱਕਣ ਤੋਂ ਬਚਾ ਲਿਆ।
ਇਹ ਵੀ ਪੜ੍ਹੋ: ਪਤਨੀ ਦੇ ਪ੍ਰੇਮੀ ਦਾ ਕਤਲ ਕਰਕੇ ਕਰ ਦਿੱਤੇ ਲਾਸ਼ ਦੇ ਟੁਕੜੇ, ਸ਼ੱਕ ਨੇ ਪਤੀ ਨੂੰ ਬਣਾਇਆ ਕਾਤਲ