ਅੰਮ੍ਰਿਤਸਰ: ਕੋਟ ਖਾਲਸਾ ਅਧੀਨ ਪੈਂਦੇ ਇੰਦਰਪੁਰੀ ’ਚ ਲੋਕਾਂ ਨੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਰਸੋਈ ਗੈਸ ਦੇ ਰੇਟਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲੋਕਾਂ ਵੱਲੋਂ ਖ਼ਾਸ ਤੌਰ ’ਤੇ ਘਰੇਲੂ ਔਰਤਾਂ ਵੱਲੋਂ ਸੜਕਾਂ ’ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵਕ ਜਸਵੰਤ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਏ ਦਿਨ ਮਹਿੰਗਾਈ ਵਿੱਚ ਵਾਧਾ ਕਰ ਜੋ ਬੰਬ ਗਰੀਬ ਤਬਕੇ ’ਤੇ ਸੁੱਟਿਆ ਹੈ, ਉਸ ਨਾਲ ਹਰ ਵਰਗ ਦਾ ਵਿਅਕਤੀ ਪ੍ਰਭਾਵਿਤ ਹੋਇਆ ਹੈ। ਮਹਿੰਗਾਈ ਦੇ ਚੱਲਦਿਆਂ ਔਰਤਾਂ ਰਸੋਈ ਵਿਚੋਂ ਨਿਕਲ ਕੇ ਸੜਕਾਂ ’ਤੇ ਉਤਰ ਰੋਸ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋਈਆਂ ਹਨ।
ਉਨ੍ਹਾਂ ਆਖਿਆ ਕਿ ਲੋਕ ਵਿਰੋਧ ਕਰ ਰਹੇ ਹਨ ਜੋ ਕਿ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ ਅਤੇ ਇਸ ਵਿਰੋਧ ਦੇ ਚਲਦਿਆਂ ਹੀ ਇਕ ਨਾ ਇਕ ਦਿਨ ਕੇਂਦਰ ਸਰਕਾਰ ਡਿੱਗ ਵੀ ਸਕਦੀ ਹੈ।