ਅੰਮ੍ਰਿਤਸਰ: ਪੰਜਾਬ ਵਿੱਚ ਅਕਸਰ ਹੀ ਸਮਾਜ ਸੇਵੀਆਂ ਵੱਲੋਂ ਧੀਆਂ ਨੂੰ ਕੁੱਖ ਵਿੱਚ ਨਾ ਮਾਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਪਰ ਜਨਮ ਦੇ ਬਾਅਦ ਵੀ ਧੀਆਂ ਨੂੰ ਇਸ ਚੰਦਰੇ ਸਮਾਜ ਦੇ ਜ਼ੁਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਚੱਕ ਡੋਗਰਿਆਂ ਤੋਂ ਆਇਆ, ਜਿੱਥੇ ਇੱਕ ਕਲਯੁਗੀ ਪਿਤਾ ਨੇ 4 ਸਾਲਾ ਦੀ ਮਾਸੂਮ ਮਤ੍ਰੇਈ ਧੀ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮ ਪਿਤਾ ਤੇ ਦਾਦੀ ਵੱਲੋਂ ਘਰ ਨਜ਼ਦੀਕ ਕਿਸੇ ਬੋਰੀ ਵਿੱਚ ਪਾ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਨੇ ਚੰਦ ਮਿੰਟਾਂ ਵਿੱਚ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਬੱਚੀ ਦੀ ਖੁਰਦ-ਬੁਰਧ ਕੀਤੀ ਲਾਸ਼ ਨੂੰ ਬਰਾਮਦ ਕਰ ਲਿਆ।
ਰਾਜੂ ਵੱਲੋਂ ਭੈਣ ਤੇ 4 ਸਾਲਾਂ ਭਾਣਜੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ:- ਇਸ ਸਬੰਧੀ ਪੀੜਤ ਬਲਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਭੈਣ ਨੇ ਰਾਜੂ ਨਾਲ ਦੂਜਾ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਹ ਆਪਣੀ ਇਕ ਧੀ ਨੂੰ ਨਾਲ ਰਾਜੂ ਦੇ ਘਰ ਲੈ ਗਈ ਸੀ। ਜਿਸ ਤੋਂ ਬਾਅਦ ਹੁਣ ਰਾਜੂ ਵਲੋਂ ਉਸ ਦੀ ਭੈਣ ਅਤੇ 4 ਸਾਲਾਂ ਭਾਣਜੀ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ। ਜਿਸ ਦੌਰਾਨ ਉਸਦੀ ਭੈਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਉਹਨਾਂ ਵੱਲੋਂ ਖੁਰਦ ਬੁਰਦ ਕਰ ਦਿੱਤਾ ਗਿਆ। ਬਲਵਿੰਦਰ ਸਿੰਘ ਨੇ ਕਿਹਾ ਕਿ ਰਾਜੂ ਦੇ ਪਹਿਲਾਂ ਵੀ 5 ਦੇ ਕਰੀਬ ਵਿਆਹ ਹੋ ਚੁੱਕੇ ਹਨ ਅਤੇ ਹੁਣ ਉਸ ਨੇ ਉਸ ਦੀ ਭੈਣ ਨਾਲ ਗਲਤ ਕੀਤਾ ਹੈ। ਉਸਨੇ ਮੰਗ ਕੀਤੀ ਕਿ ਉਸਨੂੰ ਇਨਸਾਫ਼ ਦਵਾਇਆ ਜਾਏ।
ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕੀਤਾ ਬਰਾਮਦ:- ਇਸ ਸਬੰਧੀ ਡੀ.ਐਸ.ਪੀ ਅਜਨਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਰਾਜੂ ਵੱਲੋਂ ਕਤਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਚੰਦ ਮਿੰਟਾਂ ਵਿੱਚ ਤੁਰੰਤ ਹਰਕਤ ਵਿੱਚ ਆਉਂਦੇ ਹੋਏ, ਆਰੋਪੀ ਰਾਜੂ ਅਤੇ ਉਸ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਉਹਨਾਂ ਦੀ ਨਿਸ਼ਾਨਦੇਹੀ ਦੇ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਬੱਚੀ ਦੀ ਲਾਸ਼ ਨੂੰ ਬਰਾਮਦ ਕੀਤਾ। ਉਹਨਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਆਰੋਪੀ ਰਾਜੂ ਪਤਨੀ ਦੇ ਪਹਿਲੇ ਵਿਆਹ ਅਤੇ ਬੱਚੀ ਤੋਂ ਪ੍ਰੇਸ਼ਾਨ ਸੀ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ।