ਅੰਮ੍ਰਿਤਸਰ : ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਐਕੁਆਇਰ ਜ਼ਮੀਨਾਂ ਦੇ ਇੱਕਸਾਰ ਤੇ ਵਾਜ਼ਬ ਮੁਆਵਜ਼ੇ, ਗੰਨੇ ਦੇ ਬਕਾਏ ਦੀ ਅਦਾਇਗੀ, ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਨੌਕਰੀਆਂ ਸਮੇਤ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ 22 ਫਰਵਰੀ ਨੂੰ ਗੁਰਦਾਸਪੁਰ ਵਿੱਚ ਲੱਗਣ ਜਾ ਰਹੇ ਰੇਲ ਰੋਕੋ ਧਰਨੇ ਦੀ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਪਿੰਡ ਪੱਧਰੀ ਤਿਆਰੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗਾਂ ਤੋਂ ਬਾਅਦ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸੱਦ ਕੇ ਮੋਰਚੇ ਵਿਚ ਜਾਣ ਦੀਆ ਤਿਆਰੀਆਂ ਦੇ ਜਾਇਜ਼ੇ ਲਏ ਗਏ।
ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੋਰਚੇ ਵਿਚ ਸ਼ਮੂਲੀਅਤ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ, ਟਰਾਲੀਆਂ ਟਰੈਕਟਰਾਂ ਉਤੇ ਸਵਾਰ ਹੋ ਕੇ ਜਾਣ ਸਬੰਧੀ, ਕਿਸਾਨ ਮਜ਼ਦੂਰ ਤੇ ਬੀਬੀਆਂ ਦੀ ਤਿਆਰੀ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਜ਼ਮੀਨ ਐਕੁਆਇਰ ਕਰ ਰਹੀ ਹੈ ਪਰ ਤ੍ਰਾਸਦੀ ਇਹ ਹੈ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਦੇ ਪੈਸੇ ਵੀ ਧਰਨੇ ਲਾ ਕੇ ਲੈਣੇ ਪੈ ਰਹੇ ਹਨ।
ਇਹ ਵੀ ਪੜ੍ਹੋ : Amritpal Singh to Govt: ਅੰਮ੍ਰਿਤਪਾਲ ਦੇ ਤਲਖ਼ ਤੇਵਰ, ਕਿਹਾ- "ਇਸ ਧਰਤੀ 'ਤੇ ਸਿਰਫ਼ ਸਾਡਾ ਦਾਅਵਾ, ਨਾ ਇਸ ਨੂੰ ਇੰਦਰਾ ਹਟਾ ਸਕੀ ਤੇ ਨਾ ਹੀ..."
ਉਨ੍ਹਾਂ ਕਿਹਾ ਕਿ ਸਰਕਾਰ 29-30 ਜਨਵਰੀ ਦੇ ਧਰਨੇ ਦੌਰਾਨ ਕੀਤੇ ਵਾਅਦੇ ਤੋਂ ਭੱਜ ਰਹੀ ਹੈ ਅਤੇ ਅੱਜ ਤੱਕ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ, ਜਿਸ ਕਾਰਨ ਜਥੇਬੰਦੀ ਆਪਣਾ ਬਣਦਾ ਫਰਜ਼ ਪਛਾਣਦਿਆਂ ਲੋਕ ਹੱਕਾਂ ਲਈ ਸੰਘਰਸ਼ਾਂ ਦੇ ਪਿੜ ਮੱਲੇਗੀ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੇ ਮਸਲਿਆਂ ਦੇ ਹੱਲ ਕਰਨ ਵਿਚ ਨਖਿੱਧ ਸਾਬਿਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਲੋਕਾਂ ਦੇ ਰੋਹ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਮਸਲਿਆਂ ਦਾ ਜਲਦ ਤੋਂ ਜਲਦ ਹੱਲ ਕਰੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।