ਅੰਮ੍ਰਿਤਸਰ: ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵੱਡੀ ਗਿਣਤੀ 'ਚ ਦੇਸ਼ ਭਰ ਤੋਂ ਲੋਕ ਆਪੋ ਆਪਣੇ ਪੱਧਰ 'ਤੇ ਸ਼ਮੂਲੀਅਤ ਕਰ ਰਹੇ ਹਨ, ਇਸੇ ਲੜੀ ਤਹਿਤ ਅੱਜ ਮਾਝੇ ਦੇ ਕਿਸਾਨਾਂ ਦਾ ਵੱਡਾ ਕਾਫ਼ਲਾਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਦਿੱਲੀ ਦੇ ਕੁੰਡਲੀ ਬਾਰਡਰ ਲਈ ਰਵਾਨਾ ਹੋਇਆ।
ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਰਤ ਦਾ ਕੁਝ ਗੋਦੀ ਮੀਡੀਆ ਜੋ ਕਿ ਕਥਿਤ ਦਾਅਵੇ ਕਰ ਰਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਗਿਣਤੀ ਘਟਦੀ ਜਾ ਰਹੀ ਉਹ ਅੱਜ ਮਾਝੇ ਦਾ ਕਾਫਿਲਾ ਦੇਖ ਲੈਣ ਜੋ ਦਿੱਲੀ ਤੱਕ ਜਾਮ ਲਗਾ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਲੋਕ ਲਹਿਰ ਅਤੇ ਲੋਕਾਂ ਦਾ ਸੰਘਰਸ਼ ਹੈ, ਜਿਸ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਜੀ ਟਿਕ ਨਹੀਂ ਪਾਉਣਗੇ। ਕਿਸਾਨ ਗੱਲ ਵੀ ਕਰਨਗੇ ਅਤੇ ਕਾਨੂੰਨ ਵੀ ਰੱਦ ਕਰਵਾਕੇ ਹੀ ਮੁੜਾਂਗੇ।
ਉਨ੍ਹਾਂ ਕਿਹਾ ਕਿ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ, ਪ੍ਰਦੂਸ਼ਣ ਐਕਟ ਰੱਦ ਨਹੀਂ ਹੋਣਗੇ, ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਨਹੀਂ ਬਣਦਾ। ਉਨ੍ਹਾਂ ਕਿਹਾ ਕਿ 15 ਨੂੰ ਨਿੱਜੀਕਰਨ ਖ਼ਿਲਾਫ਼ ਦੇਸ਼ ਵਿਆਪੀ ਹੜਤਾਲ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਤੋਂ ਇਲਾਵਾ 20 ਮਾਰਚ ਨੂੰ ਤਰਨਤਾਰਨ ਤੋਂ ਹਜ਼ਾਰਾਂ ਕਿਸਾਨ ਦਿੱਲੀ ਰਵਾਨਾ ਹੋਣਗੇ।