ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਅਤੇ ਵੱਖ ਵੱਖ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਦਾਅਵੇ ਅਤੇ ਵਾਅਦਿਆਂ ਤੋਂ ਅੱਕ ਚੁੱਕੇ ਹਨ। ਸੂਰਵੀਰ ਯੋਧਿਆਂ ਦੀਆਂ ਯਾਦਗਰਾਂ ਜਿੱਥੇ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੀਆਂ ਹਨ, ਉੱਥੇ ਹੀ ਅਜਿਹੇ ਅਤਿ ਸਤਿਕਾਰਯੋਗ ਯੋਧਿਆਂ ਨੂੰ ਦੇਖ ਦੇਸ਼ ਦੀ ਨੌਜਵਾਨ ਪੀੜ੍ਹੀ ਵਿੱਚ ਵੀ ਦੇਸ਼ ਸੇਵਾ ਕਰਨ ਦੀ ਚਿਣਗ ਜਾਗਦੀ ਹੈ ਪਰ ਅਫਸੋਸ ਹੁੰਦਾ ਹੈ ਕਿ ਸਰਕਾਰਾਂ ਵੱਲੋਂ ਸ਼ਹੀਦਾਂ ਦੀਆਂ ਯਾਦਗਰਾਂ ਜਾਂ ਫਿਰ ਉਨ੍ਹਾਂ ਦੇ ਪਰਿਵਾਰਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਜ਼ਿਲ੍ਹੇ ਦੇ ਹਲਕਾ ਮਜੀਠਾ ਵਿਖੇ ਇੱਕ ਪਿੰਡ ਅਲਕੜੇ ਸ਼ਹੀਦ ਗੁਰਮੇਲ ਸਿੰਘ ਦਾ ਬੁੱਤ ਖਰਾਬ ਹੋ ਰਿਹਾ ਸੀ, ਜਿਸ ’ਤੇ ਲੈਂਟਰ ਪਾਉਣ ਲਈ ਜਦੋਂ ਪੰਜਾਬ ਸਰਕਾਰ ਵਲੋਂ ਹੁੰਗਾਰਾ ਨਹੀਂ ਭਰਿਆ ਗਿਆ ਤਾਂ ਪਰਿਵਾਰ ਨੇ ਆਪਣੇ ਕੋਲੋਂ ਹੀ ਇਹ ਉਪਰਾਲਾ ਕੀਤਾ ਹੈ।
'ਕਿਸੇ ਨੇ ਵੀ ਨਹੀਂ ਲਈ ਸਾਰ'
ਸ਼ਹੀਦ ਜਵਾਨ ਦੇ ਪਿਤਾ ਤਰਸੇਮ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਬੇਟਾ ਸ਼ਹੀਦ ਹੋ ਗਿਆ ਸੀ, ਜਿਸ ਤੋਂ ਬਾਅਦ ਇੱਕ ਕਾਂਗਰਸੀ ਮੈਂਬਰ ਪਾਰਲੀਮੈਂਟ ਵਲੋਂ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ ਜੋ ਅੱਜ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਆਗੂ ਨੇ ਉਨ੍ਹਾਂ ਦਾ ਹਾਲ ਨਹੀਂ ਜਾਣਿਆ, ਜਿਸ ਤੋਂ ਬਾਅਦ ਉਨ੍ਹਾਂ ਖੁਦ ਹੀ ਇਸ ਯਾਦਗਰ ਦੀ ਸਾਂਭ ਸੰਭਾਲ ਲਈ ਇਹ ਉਪਰਾਲਾ ਕੀਤਾ ਹੈ। ਸ਼ਹੀਦ ਦੇ ਪਿਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਉਨ੍ਹਾਂ ਦਾ ਹਾਲ ਚਾਲ ਜਾਣਿਆ ਜਾਂਦਾ ਰਿਹਾ ਹੈ ਅਤੇ ਸ਼ਹੀਦ ਦੇ ਭੋਗ ’ਤੇ ਵੀ ਹਾਜਰੀ ਲਗਾਉਂਦੇ ਰਹੇ ਹਨ, ਹੁਣ ਵੀ ਉਹ ਸੱਤਾਧਾਰੀ ਸਰਕਾਰ ਨਾ ਹੁੰਦੇ ਹੋਏ ਵੀ ਉਨ੍ਹਾਂ ਦੀ ਮਦਦ ਕਰਦੇ ਰਹਿੰਦੇ ਹਨ।
'ਪਰਿਵਾਰ ਵੱਲੋਂ ਆਪ ਪਾਇਆ ਜਾ ਰਿਹਾ ਲੈਂਟਰ'
ਪਿੰਡ ਵਾਸੀਆਂ ਨੇ ਦੱਸਿਆ ਕਿ ਢਾਈ ਤਿੰਨ ਸਾਲ ਹੋ ਜਾਣ ’ਤੇ ਸ਼ਹੀਦ ਦੇ ਬੁੱਤ ਦਾ ਰੰਗ ਵੀ ਖਰਾਬ ਹੋ ਰਿਹਾ ਸੀ ਅਤੇ ਉਸ ਵਿੱਚ ਤਰੇੜਾਂ ਵੀ ਸੀ, ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਇਸ ਵੱਲ਼ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ, ਜਿਸ ਤੋਂ ਬਾਅਦ ਪਰਿਵਾਰ ਵਲੋਂ ਆਪਣੇ ਤੌਰ ’ਤੇ ਸ਼ਹੀਦ ਗੁਰਮੇਲ ਸਿੰਘ ਦੇ ਬੁੱਤ ’ਤੇ ਲੈਂਟਰ ਪਾਇਆ ਗਿਆ ਹੈ।
ਇਹ ਵੀ ਪੜੋ: ਅੰਮ੍ਰਿਤਸਰ ’ਚ ECHS ਕਾਰਡ ਨੂੰ ਲੈਕੇ ਹੋਈ ਧੋਖਾਧੜੀ ਦੇ ਮਾਮਲੇ ’ਤੇ ਉੱਠੇ ਸਵਾਲ