ਅੰਮ੍ਰਿਤਸਰ: ਚੀਨ ਦੇ ਹਾਂਗਜ਼ੂ 'ਚ ਹੋ ਰਹੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਹਾਕੀ ਟੀਮ ਵਲੋਂ ਸੋਨੇ ਦਾ ਤਗਮਾ ਜਿੱਤ ਕੇ ਵੱਡੀਆਂ ਮੱਲਾਂ ਮਾਰੀਆਂ ਗਈਆਂ ਹਨ। ਜਿਸ ਦੇ ਚੱਲਦੇ ਦੇਸ਼ ਭਰ 'ਚ ਜਿਥੇ ਖੁਸ਼ੀ ਦਾ ਮਾਹੌਲ ਹੈ ਤਾਂ ਉਥੇ ਹੀ ਪੰਜਾਬ ਦੇ ਖਿਡਾਰੀਆਂ ਦੇ ਮਾਪੇ ਵੀ ਇਸ ਜਿੱਤ ਤੋਂ ਪੱਬਾ ਭਾਰ ਹੋਈ ਫਿਰਦੇ ਹਨ। ਇਸ ਦੇ ਚੱਲਦੇ ਹਾਕੀ ਖਿਡਾਰੀ ਸ਼ਮਸ਼ੇਰ ਸਿੰਘ ਦੇ ਅਟਾਰੀ ਸਥਿਤ ਗਰ 'ਚ ਵੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪਰਿਵਾਰਕ ਮੈਂਬਰਾਂ, ਕੋਚ, ਅਤੇ ਪਿੰਡ ਦੇ ਸਾਥੀਆਂ ਵੱਲੋ ਵੱਡੇ ਪੱਧਰ 'ਤੇ ਖੁਸ਼ੀ ਮਨਾਈ ਗਈ। ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਘਰ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ।
ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ: ਇਸ ਮੌਕੇ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਉਹਨਾਂ ਦੇ ਬੱਚੇ ਨੇ ਅਪਣੇ ਪਿੰਡ ਅਟਾਰੀ ਤੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੀ ਟੀਮ ਨੇ ਮਿਹਨਤ ਨਾਲ ਇਹ ਏਸ਼ੀਆ ਗੋਲਡ ਮੈਡਲ ਹਾਸਲ ਕੀਤਾ ਹੈ ਤੇ ਉਦੋਂ ਤੋਂ ਹੀ ਸਾਨੂੰ ਫੋਨ ਅਤੇ ਘਰ ਆਏ ਲੋਕਾਂ ਵਲੋਂ ਵਧਾਈਆਂ ਮਿਲ ਰਹੀਆਂ ਹਨ। ਜਿਸਦੇ ਚੱਲਦੇ ਅੱਜ ਅਸੀਂ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ
ਛੋਟੇ ਹੁੰਦੇ ਤੋਂ ਖੇਡਾਂ ਵੱਲ ਧਿਆਨ: ਪਰਿਵਾਰ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਸ਼ੁਰੂ ਤੋਂ ਹੀ ਆਪਣੀ ਖੇਡ ਪ੍ਰਤੀ ਬਹੁਤ ਹੀ ਧਿਆਨ ਦਿੰਦਾ ਸੀ, ਉਸ ਨੇ ਛੋਟੇ ਹੁੰਦੇ ਤੋਂ ਹੀ ਅਟਾਰੀ ਦੇ ਖੇਡ ਸਟੇਡੀਅਮ ਵਿੱਚ ਆਪਣੀ ਖੇਡ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਹ ਫਿਰ ਹਾਕੀ ਖੇਡ 'ਚ ਅੱਗੇ ਵਧਦਾ ਗਿਆ ਅਤੇ ਵੱਖ-ਵੱਖ ਮੁਕਾਬਲਿਆਂ 'ਚ ਕਈ ਮੈਡਲ ਜਿੱਤਦਾ ਰਿਹਾ। ਪਰਿਵਾਰ ਨੇ ਕਿਹਾ ਕਿ ਸਾਡੇ ਅਟਾਰੀ ਦੇ ਸਟੇਡੀਅਮ ਵਿੱਚੋਂ ਬਹੁਤ ਖਿਡਾਰੀ ਨਿਕਲ ਕੇ ਸਾਹਮਣੇ ਆਏ ਹਨ, ਜਿੰਨ੍ਹਾਂ ਨੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।
- Asian Games: ਏਸ਼ੀਆਈ ਖੇਡਾਂ 'ਚ ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਜਿੱਤਿਆ ਗੋਲਡ ਮੈਡਲ, ਜਾਣੋ ਕਿੰਨੀ ਹੋਈ ਮੈਡਲਾਂ ਦੀ ਗਿਣਤੀ
- Asian Games 2023 Day 14th Updates : ਏਸ਼ੀਆਈ ਖੇਡਾਂ ਵਿੱਚ ਤਗ਼ਮਿਆਂ ਗਿਣਤੀ 100 ਤੋਂ ਪਾਰ, ਕ੍ਰਿਕੇਟ ਅਤੇ ਬੈਡਮਿੰਟਨ ਵਿੱਚ ਭਾਰਤ ਨੂੰ ਮਿਲਿਆ ਗੋਲਡ
- Asian Games 2023 Sift Kaur : ਏਸ਼ੀਅਨ ਖੇਡਾਂ 'ਚ ਕਮਾਲ ਕਰਨ ਵਾਲੀ ਸਿਫ਼ਤ ਕੌਰ ਸਮਰਾ ਨੂੰ ਖੇਡ ਮੰਤਰੀ ਪੰਜਾਬ ਨੇ ਦਿੱਤੀ ਵਧਾਈ, ਘਰ ਪਹੁੰਚ ਇਨਾਮੀ ਰਾਸ਼ੀ ਦੇਣ ਦਾ ਕੀਤਾ ਐਲਾਨ
ਪਿੰਡ-ਪਿੰਡ ਬਣਾਏ ਜਾਣ ਖੇਡ ਗਰਾਊਂਡ: ਪਰਿਵਾਰ ਦਾ ਕਹਿਣਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਖੇਡ ਸਟੇਡੀਅਮਾਂ ਵੱਲ ਵੀ ਖਾਸ ਧਿਆਨ ਦਿੱਤਾ ਜਾਵੇ ਅਤੇ ਪਿੰਡ-ਪਿੰਡ ਅਜਿਹੇ ਖੇਡ ਗਰਾਊਂਡ ਬਣਾਏ ਜਾਣ ਤਾਂ ਜੋ ਸੂਬੇ ਨੂੰ ਹੋਰ ਵੀ ਵਧੀਆ ਖਿਡਾਰੀ ਮਿਲ ਸਕਣ। ਉਨ੍ਹਾਂ ਦਾ ਕਹਿਣਾ ਕਿ ਪਿੰਡਾਂ 'ਚ ਖੇਡ ਸਟੇਡੀਅਮ ਹੋਣਗੇ ਤਾਂ ਬੱਚੇ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਉਣਗੇ। ਜਿਸ ਨਾਲ ਸੂਬੇ ਨੂੰ ਖੇਡਾਂ 'ਚ ਚੰਗੇ ਖਿਡਾਰੀ ਮਿਲਣਗੇ।
ਪਰਿਵਾਰ ਨੂੰ ਪੁੱਤ ਦੀ ਪ੍ਰਾਪਤੀ 'ਤੇ ਮਾਣ: ਖਿਡਾਰੀ ਸ਼ਮਸ਼ੇਰ ਸਿੰਘ ਦੇ ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੀ ਇਸ ਪ੍ਰਾਪਤੀ 'ਤੇ ਪੂਰਾ ਮਾਣ ਹੈ ਅਤੇ ਆਸ ਉਮੀਦ ਹੈ ਕਿ ਭਾਰਤੀ ਹਾਕੀ ਟੀਮ ਅੱਗੇ ਵੀ ਇਸ ਤਰ੍ਹਾਂ ਹੀ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰਦੀ ਰਹੇਗੀ ਅਤੇ ਵੱਡੇ ਮਾਰਕੇ ਮਾਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁੱਜਣ 'ਤੇ ਪੁੱਤ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।