ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲੌਕਡਾਊਨ ਕਾਰਨ ਮੰਦੀ ਦਾ ਦੌਰਾ ਜਾਰੀ ਹੈ। ਹਰ ਖੇਤਰ ਵਿੱਚ ਕੰਮ ਠੱਪ ਪਏ ਹਨ, ਜਿਸ ਕਾਰਨ ਹਰ ਪਾਸੇ ਮਹਿੰਗਾਈ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਲੌਕਡਾਊਨ ਕਾਰਨ ਸਬਜ਼ੀਆਂ ਦੀ ਪੈਦਾਵਾਰ ਵਿੱਚ ਵੀ ਭਾਰੀ ਕਮੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਸਬਜ਼ੀਆਂ ਮਹਿੰਗੀਆਂ ਹੋ ਰਹੀਆਂ ਹਨ, ਉਥੇ ਬਾਰਿਸ਼ਾਂ ਨੇ ਵੀ ਲੋਕਾਂ ਦੀ ਰਸੋਈ ਠੰਢੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ ਹੈ।
ਮਹਿੰਗਾਈ ਕਾਰਨ ਰਸੋਈ ਵਿੱਚੋਂ ਗਾਇਬ ਹੋ ਰਹੀਆਂ ਸਬਜ਼ੀਆਂ ਕਾਰਨ ਲੋਕਾਂ ਵਿਚ ਬੇਚੈਨੀ ਅਤੇ ਤਣਾਅ ਵਧ ਰਿਹਾ ਹੈ। ਇਸ ਸਬੰਧੀ ਈਟੀਵੀ ਭਾਰਤ ਨੇ ਇਥੋਂ ਦੀ ਸਬਜ਼ੀ ਮੰਡੀ ਦੇ ਦੁਕਾਨਾਦਾਰਾਂ ਅਤੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ।
ਦੁਕਾਨਦਾਰਾਂ ਦਾ ਕਹਿਣਾ ਸੀ ਕਿ ਲੌਕਡਾਊਨ ਕਾਰਨ ਇੱਕ ਤਾਂ ਲੌਕਡਾਊਨ ਕਾਰਨ ਸਬਜ਼ੀਆਂ ਦੀ ਘਾਟ ਪਾਈ ਜਾ ਰਹੀ ਹੈ, ਉਪਰੋਂ ਉਨ੍ਹਾਂ ਕੋਲ ਆਵਾਜਾਈ ਦਿੱਕਤਾਂ ਕਾਰਨ ਸਮੇਂ ਸਿਰ ਸਬਜ਼ੀਆਂ ਨਹੀਂ ਪਹੁੰਚਦੀਆਂ। ਬਾਰਸ਼ਾਂ ਦਾ ਮੌਸਮ ਹੋਣ ਕਾਰਨ ਵੀ ਸਬਜ਼ੀਆਂ ਛੇਤੀ ਖਰਾਬ ਹੋ ਜਾਂਦੀਆਂ ਹਨ।
ਦੁਕਾਨਦਾਰਾਂ ਨੇ ਕਿਹਾ ਸ਼ਿਮਲਾ ਮਿਰਚ, ਟਮਾਟਰ, ਫੁੱਲ ਗੋਭੀ,ਬੰਦ ਗੋਭੀ, ਪਿਆਜ ਸਾਰੀਆਂ ਸਬਜ਼ੀਆਂ ਦੇ ਰੇਟ ਦਸ ਫ਼ੀਸਦੀ ਦੇ ਹਿਸਾਬ ਨਾਲ ਵੱਧ ਰਹੇ ਹਨ, ਜਿਸ ਕਾਰਨ ਖਰੀਦਦਾਰ ਬੇਹੱਦ ਪਰੇਸ਼ਾਨ ਹੈ। ਉਨ੍ਹਾਂ ਨੂੰ ਸਬਜ਼ੀਆਂ ਵੇਚਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਬਜ਼ੀ ਲੈਣ ਆਏ ਇੱਕ ਗ੍ਰਾਹਕ ਨੇ ਕਿਹਾ ਕਿ ਸਬਜ਼ੀਆਂ ਦੇ ਰੇਟ ਤਾਂ ਲਗਾਤਾਰ ਵੱਧ ਰਹੇ ਹਨ, ਪਰ ਕੰਮ ਠੱਪ ਪਏ ਹੋਏ ਹਨ। ਉਸ ਨੇ ਕਿਹਾ ਕਿ ਸਬਜ਼ੀਆਂ ਹਰ ਘਰ ਵਿੱਚ ਜ਼ਰੂਰੀ ਹਨ, ਜਿਨ੍ਹਾਂ ਨੇ ਹੁਣ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਫਿਰ ਵੀ ਮਜਬੂਰੀਵੱਸ ਸਬਜ਼ੀਆਂ ਤਾਂ ਖਰੀਦਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਛੇਤੀ ਤੋਂ ਛੇਤੀ ਲੌਕਡਾਊਨ ਖੋਲ੍ਹਿਆ ਜਾਵੇ ਤਾਂ ਜੋ ਕੰਮ ਕਾਜ ਫਿਰ ਤੋਂ ਸ਼ੁਰੂ ਹੋ ਸਕੇ।