ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਦੇ ਰਣਜੀਤ ਐਵਿਨਿਉ ਵਿਖੇ ਔਰਤਾਂ ਦਾ ਵਿਸ਼ਾਲ ਇਕੱਠ ਕੀਤਾ ਗਿਆ| ਇਕੱਠ ਨੂੰ ਸੰਬੋਧਨ ਕਰਦਿਆ ਮਹਿਲਾ ਆਗੂਆਂ ਨੇ ਕਿਹਾ ਕਿ ਇਸ 21ਵੀਂ ਸਦੀ ਦੇ ਭਾਰਤ ਵਿੱਚ ਵੀ ਔਰਤਾਂ ਨੂੰ ਬਰਾਬਰੀ ਦਾ ਹੱਕ ਨਹੀਂ ਮਿਲਿਆ।
ਔਰਤ ਨੂੰ ਅੱਜ ਵੀ ਦੂਜੇ ਦਰਜੇ ਦੀ ਨਾਗਰਿਕ ਸਮਝਿਆ ਜਾਂਦਾ ਹੈ। ਮਹਿਲਾ ਆਗੂਆਂ ਨੇ ਸਟੇਜ ਤੋਂ ਬੋਲਦੇ ਕਿਹਾ ਕਿ 21ਵੀਂ ਸਦੀ 'ਚ ਭਾਰਤ ਦਾ ਵਿਕਾਸ ਕਰਨਾ ਹੈ ਤਾਂ ਭਾਰਤੀ ਉਪ ਮਹਾਂਦੀਪ ਨੂੰ ਇੱਕ ਕੁਦਰਤ ਤੇ ਮਨੁੱਖ ਪੱਖੀ ਬਦਲ ਦੀ ਲੋੜ ਹੈ। ਜੋ ਕਿ ਔਰਤਾਂ ਦੀ ਸਰਗਰਮ ਭੂਮਿਕਾ ਤੋ ਬਗੈਰ ਸੰਭਵ ਨਹੀਂ ਹੈ।
ਅੱਗੇ ਮਹਿਲਾ ਆਗੂਆਂ ਨੇ ਕਿਹਾ ਕਿ ਲੰਮਾ ਸਮਾਂ ਚੱਲੇ ਕਿਸਾਨ ਅੰਦੋਲਨ ਦੀ ਹੋਈ ਜਿੱਤ ਵਿਚ ਔਰਤਾਂ ਦੀ ਇੱਕ ਅਹਿਮ ਭੂਮਿਕਾ ਰਹੀ ਹੈ। ਇਕੱਠ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਦਹੇਜ ਪ੍ਰਥਾ ਨੂੰ ਸਮਾਜ ਵਿੱਚੋ ਖ਼ਤਮ ਕੀਤਾ ਜਾਵੇ। ਲੜਕੀਆਂ ਦੀ ਪੜਾਈ ਮਿਆਰੀ ਤੇ ਮੁਫ਼ਤ ਹੋਵੇ। ਕੰਮ ਕਾਜੀ ਔਰਤਾਂ ਨੂੰ ਕੰਮ ਵਾਲੀ ਜਗ੍ਹਾ ਤੇ ਦਰਪੇਸ਼ ਆਉਂਦੀਆਂ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾਵੇ।
ਮਾਦਾ ਭਰੂਣ ਹੱਤਿਆ ਬਿਲਕੁਲ ਖ਼ਤਮ ਕਰਨ ਲਈ ਸਰਕਾਰੀ ਤੇ ਸਮਾਜਿਕ ਪੱਧਰ ਤੇ ਕਦਮ ਚੁੱਕੇ ਜਾਣ। ਬੀਬੀਆਂ ਦੇ ਵਿਸ਼ਾਲ ਇਕੱਠ ਵੱਲੋ ਅਹਿਦ ਲਿਆ ਗਿਆ ਕਿ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਬੀਬੀਆਂ ਦੀ ਵੱਡੇ ਪੱਧਰ ਉੱਤੇ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਬੋਲਦੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਜਥੇਬੰਦੀ ਆਉਣ ਵਾਲੇ ਸਮੇ ਵਿਚ ਦੇਸ਼ ਦੀ ਅੱਧੀ ਅਬਾਦੀ ਜਾਨੀ ਔਰਤ ਵਰਗ ਦੀ ਸੰਘਰਸ਼ਾਂ ਵਿਚ ਸਮੂਲੀਅਤ ਤੇ ਸਮਾਜ ਵਿਚ ਆਰਥਿਕ, ਸਮਾਜਿਕ ਤੇ ਰਾਜਨੀਤਿਕ ਬਰਾਬਰੀ ਲਈ ਕੰਮ ਕਰਨ ਲਈ ਔਰਤਾਂ ਨੂੰ ਹੋਰ ਵੱਡੇ ਪੱਧਰ ਜਥੇਬੰਦ ਕਰੇਗੀ।
ਸਮਾਜ 'ਚ ਸਦੀਆਂ ਤੋਂ ਚੱਲਦੀ ਆ ਰਹੀ ਪਿਤਾ ਪੁਰਖੀ ਪਿਤਰੀ ਸੋਚ ਅਤੇ ਮਰਦ ਪ੍ਰਧਾਨਗੀ ਵਾਲੀ ਸੋਚ ਨੂੰ ਖ਼ਤਮ ਕਰਨ ਲਈ ਜ਼ਤਨਸ਼ੀਲ ਰਹੇਗੀ।
ਇਹ ਵੀ ਪੜ੍ਹੋ: ਕੀ ਪੰਜਾਬ ’ਚ ਨਤੀਜਿਆਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਜੋੜਤੋੜ ਦੀ ਰਾਜਨੀਤੀ ?