ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਉਮੀਦਵਾਰ ਭਗਵੰਤ ਮਾਨ ਨੂੰ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਤੇ ਲੱਡੂ ਵੰਡੇ ਜਾ ਰਹੇ ਹਨ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾਏ ਜਾ ਰਹੇ ਹਨ। ਵਰਕਰਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਮਸਲੇ ਹੱਲ ਹੋਣਗੇ ਅਤੇ ਪੰਜਾਬ ਨੂੰ ਇੱਕ ਨਵਾਂ ਮੁੱਖ ਮੰਤਰੀ ਚਿਹਰਾ ਮਿਲ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਦੱਸ ਦਈਏ ਕਿ ਕਾਗਰਸੀ ਵਿਧਾਇਕ ਡਾ ਰਾਜ ਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਸਰਵੇ ਨਾਲ ਕਦੇ ਵੀ ਕੋਈ ਸੀਐੱਮ ਨਹੀਂ ਬਣਦਾ।
ਕਾਗਰਸੀ ਵਿਧਾਇਕ ਡਾ ਰਾਜ ਕੁਮਾਰ ਨੇ ਕਿਹਾ ਕਿ ਲੋਕਾਂ ਵੱਲੋਂ ਚੋਣ ਕਰਕੇ ਸੀਐੱਮ ਬਣਾਏ ਜਾਂਦੇ ਹਨ ਨਾ ਕਿ ਸਰਵੇ ਕਰਕੇ। ਸਰਵਿਆਂ ਨਾਲ ਕੋਈ ਸੀਐੱਮ ਨਹੀਂ ਬਣਦਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੀਐੱਮ ਚਿਹਰੇ ਲਈ ਅਰਵਿੰਦ ਕੇਜਰੀਵਾਲ ਨੂੰ ਪਸੰਦ ਨਹੀਂ ਕੀਤਾ। ਜਿਸ ਕਾਰਨ ਉਨ੍ਹਾਂ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਕੇ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਨੂੰ ਬਿਲਕੁੱਲ ਵੀ ਪਸੰਦ ਨਹੀਂ ਕਰਦੇ ਹਨ। ਜਿਸਦੇ ਚੱਲਦੇ ਆਮ ਆਦਮੀ ਪਾਰਟੀ ਨੇ ਜਾਣਬੁਝ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ। ਜੋ ਕਿ ਨਿਰਆਧਾਰ ਗੱਲ ਹੈ।
ਮੈ ਇੱਕ ਸਿਪਾਹੀ ਹਾਂ- ਭਗਵੰਤ ਮਾਨ
ਕਾਬਿਲੇਗੌਰ ਹੈ ਕਿ ਸੀਐੱਮ ਉਮੀਦਵਾਰ ਵੱਜੋਂ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲਈ ਅੱਜ ਬਹੁਤ ਵੱਡਾ ਦਿਨ ਹੈ। ਹਰ ਕਿਸੇ ਦੇ ਅੰਦਰ ਸਵਾਲ ਸੀ ਕਿ ਸੀਐੱਮ ਚਿਹਰਾ ਕੌਣ ਹੋਵੇਗਾ। ਮੈ ਹਮੇਸ਼ਾ ਹੀ ਇਹ ਕਹਿੰਦਾ ਆਇਆ ਹਾਂ ਕਿ ਮੈ ਇੱਕ ਸਿਪਾਹੀ ਹਾਂ ਮੇਰੀ ਡਿਊਟੀ ਜਿੱਥੇ ਵੀ ਲਾਈ ਜਾਵੇ ਮੈ ਉੱਥੇ ਕੰਮ ਕਰ ਲਵਾਂਗਾ। ਬੱਸ ਇੱਕ ਸ਼ਰਤ ਇਹ ਹੈ ਕਿ ਮੇਰੇ ਪੰਜਾਬ ਨੂੰ ਬਚਾ ਲਓ। ਪੰਜਾਬ ਦੇ ਲਈ ਮੈ ਕੋਈ ਵੀ ਕੰਮ ਕਰ ਸਕਦਾ ਹਾਂ।
ਇਹ ਵੀ ਪੜੋ: AAP ਨੇ ਭਗਵੰਤ ਮਾਨ ਨੂੰ ਬਣਾਇਆ CM ਉਮੀਦਵਾਰ