ਅੰਮ੍ਰਿਤਸਰ: ਸੂਬੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਚੱਲ ਰਿਹਾ ਹੈ। ਮੁਲਜ਼ਮਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ 13 ਫ਼ਰਵਰੀ ਨੂੰ ਹੋਏ ਇੱਕ ਝਗੜੇ ਨੇ ਸਾਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
13 ਫ਼ਰਵਰੀ ਨੂੰ ਇਲਾਕੇ ਵਿੱਚ ਕਿਸੇ ਦੇ ਵਿਾਹ ਸਮਾਰੋਹ ਵਿੱਚ ਪਹੁੰਚੇ ਇੱਕ ਨੌਜਵਾਨ ਮਨਦੀਪ ਸਿੰਘ ਦਾ ਨੱਚਣ ਨੂੰ ਲੈ ਕੇ ਅਮਨਦੀਪ, ਗਗਨ ਤੇ ਉਸ ਦੇ ਕੁੱਝ ਹੋਰ ਸਾਥੀਆਂ ਨਾਲ ਝਗੜਾ ਹੋ ਗਿਆ। ਇਹ ਝਗੜਾ ਇਨ੍ਹਾਂ ਵੱਧ ਗਿਆ ਕਿ ਇੱਕ-ਦੂਜੇ ਦੀ ਕੁੱਟਮਾਰ ਕਰਨ ਲੱਗ ਪਏ। ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਮੌਕੇ 'ਤੇ ਝਗੜੇ ਨੂੰ ਸ਼ਾਂਤ ਕਰਵਾਇਆ ਗਿਆ ਪਰ ਅਮਨਦੀਪ ਦੇ ਸਾਥੀ ਬਾਅਦ ਵਿੱਚ ਮੁੜ ਮਨਦੀਪ ਦਾ ਪਿੱਛਾ ਕਰਦੇ ਹੋਏ ਉਸ ਦੇ ਘਰ ਤੱਕ ਪਹੰਚ ਗਏ। ਜਦੋ ਮਨਦੀਪ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮਨਦੀਪ ਉਨ੍ਹਾਂ ਨੂੰ ਝਾਂਸਾ ਦੇ ਕੇ ਲੁੱਕ ਗਿਆ, ਪਰ ਉਹ ਮੁੰਡੇ ਮੁਹਲੇ ਵਿੱਚ ਖੜੇ ਹੋ ਕੇ ਗੰਦੀਆਂ ਗਾਲ੍ਹਾਂ ਕੱਢਣ ਲੱਗ ਪਏ।
ਮੁਹੱਲੇ ਦੇ ਵਾਸੀ ਜਸਪ੍ਰੀਤ ਨੇ ਜਦੋਂ ਗਾਲ੍ਹਾ ਕੱਢਣ ਤੋਂ ਰੋਕਿਆ ਤਾਂ ਗੁੰਡਾਗਦਰੀ ਦਿਖਾਉਂਦੇ ਅਮਨਦੀਪ ਦੇ ਸਾਥੀਆਂ ਨੇ ਜਸਪ੍ਰੀਤ ਦੇ ਉੱਤੇ ਹੀ ਗੋਲੀਆਂ ਚਲਾ ਦਿਤੀਆਂ। ਇਸ ਵਿੱਚੋ ਇਕ ਗੋਲੀ ਜਸਪ੍ਰੀਤ ਦੀ ਕਮਰ 'ਤੇ ਲੱਗੀ ਅਤੇ ਦੂਜੀ ਗੋਲੀ ਸਿਰ ਦੇ ਕੋਲੋਂ ਦੀ ਲੰਘ ਗਈ। ਜਸਪ੍ਰੀਤ ਨੇ ਇਕ ਪ੍ਰੈਸ ਕਾਨਫੰਰਸ ਕੀਤੀ ਤੇ ਮੀਡੀਆ ਮੁਹਰੇ ਇਨਸਾਫ਼ ਦੀ ਮੰਗ ਕੀਤੀ। ਜਸਪ੍ਰੀਤ ਨੇ ਦੱਸਿਆ ਕਿ ਉਹ ਸਾਰੇ ਮੁੰਡੇ ਮੈਨੂੰ ਫ਼ੋਨ 'ਤੇ ਧਮਕੀਆਂ ਦਿੰਦੇ ਹਨ ਜਿੱਥੇ ਵੀ ਮਿਲਿਆ ਉਸ ਨੂੰ ਮਾਰ ਦੇਵਾਂਗੇ। ਉਸ ਨੇ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਦਰਜ ਕਾਰਵਾਈ ਪਰ ਅਜੇ ਤੱਕ ਸਾਰੇ ਮੁੰਡੇ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹੈ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਮੁੰਡਿਆਂ ਵਿਰੁੱਧ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਉਨ੍ਹਾਂ ਵਿਰੁੱਧ ਛਾਪੇਮਾਰੀ ਕਰ ਰਹੀ ਹੈ।