ਅੰਮ੍ਰਿਤਸਰ: ਸੜਕ 'ਤੇ ਉਤਰਦੇ ਹੀ ਟੋਲ- ਟੈਕਸਾਂ ਦੀ ਚਿੰਤਾਂ ਅਲੱਗ ਹੀ ਮੁਸਾਫਿਰਾਂ ਨੂੰ ਪ੍ਰੇਸ਼ਾਨ ਕਰਦੀ ਹੈ। ਟੋਲ ਕੰਪਨੀਆਂ ਵੱਲੋਂ ਲਗਾਤਾਰ ਟੋਲ ਟੈਕਸ ਦੇ ਰੇਟਾਂ 'ਚ ਵਾਧਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਟੈਕਸ ਦੇਣ ਨੂੰ ਲੈ ਕੇ ਜਾਂ ਫਿਰ ਸੁਵਿਧਾਵਾਂ 'ਤੇ ਕਈ ਤਰਾਂ ਦੇ ਸਵਾਲ ਖੜੇ ਕਰਦਿਆਂ ਟੋਲ ਪਲਾਜਿਆਂ 'ਤੇ ਵਾਦ ਵਿਵਾਦ ਦੀਆਂ ਖਬਰਾਂ ਵੀ ਸੁਰਖੀਆਂ ਵਿੱਚ ਰਹਿੰਦੀਆਂ ਹਨ। ਜਿਕਰਯੋਗ ਹੈ ਕਿ ਇੱਕ ਪਾਸੇ ਜਿੱਥੇ ਦੇਸ਼ ਦੇ ਕਈ ਟੋਲ ਪਲਾਜਿਆਂ ਦੀ ਰੇਟ ਦਰ ਇਕ ਸਤੰਬਰ ਤੋਂ ਵਧਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਦੀਆਂ ਜੇਬਾਂ 'ਤੇ ਹੁਣ ਬੋਝ ਵੱਧਣ ਦੀ ਚਰਚਾ ਹੈ ਤਾਂ ਉਥੇ ਹੀ ਤੁਹਾਨੂੰ ਇਸ ਦੌਰਾਨ ਇਕ ਰਾਹਤ ਭਰੀ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ।
ਢਿੱਲਵਾਂ ਟੋਲ ਪਲਾਜ਼ਾ ਦੇ ਨਹੀਂ ਵੱਧਣਗੇ ਰੇਟ: ਦੱਸ ਦੇਈਏ ਕਿ ਜੇਕਰ ਤੁਸੀਂ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੇ ਹੋਏ ਨੈਸ਼ਨਲ ਹਾਈਵੇ 'ਤੇ ਬਣੇ ਢਿੱਲਵਾਂ ਟੋਲ ਪਲਾਜ਼ਾ ਤੋਂ ਲੰਘਦੇ ਹੋ ਤਾਂ ਫਿਲਹਾਲ ਤੁਹਾਡੇ ਕੋਲੋਂ ਇੱਥੇ ਪਹਿਲਾਂ ਤੋਂ ਤੈਅਸ਼ੁਦਾ ਰੇਟਾਂ ਅਨੁਸਾਰ ਹੀ ਪਰਚੀ ਲਈ ਜਾਵੇਗੀ। ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਸ ਦੀ ਪੁਸ਼ਟੀ ਬਕਾਇਦਾ ਇਸ ਟੋਲ ਪਲਾਜ਼ਾ ਦੇ ਮੈਨੇਜਰ ਸੰਜੈ ਠਾਕੁਰ ਵੱਲੋਂ ਈ.ਟੀ.ਵੀ ਦੇ ਕੈਮਰੇ 'ਤੇ ਗੱਲਬਾਤ ਦੌਰਾਨ ਕੀਤੀ ਗਈ ਹੈ। ਜਲੰਧਰ ਅੰਮ੍ਰਿਤਸਰ ਮੁੱਖ ਮਾਰਗ 'ਤੇ ਬਣੇ ਢਿੱਲਵਾਂ ਟੋਲ ਪਲਾਜ਼ਾ ਦੇ ਮੈਨੇਜਰ ਸੰਜੈ ਠਾਕੁਰ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਵਲੋਂ ਪਹਿਲਾਂ ਵਾਲੇ ਰੇਟਾਂ ਅਨੁਸਾਰ ਹੀ ਟੋਲ ਟੈਕਸ ਵਸੂਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਨ. ਐਚ. ਏ ਆਈ ਵੱਲੋਂ ਦਿਸ਼ਾ ਨਿਰਦੇਸ਼ ਮਿਲਣ 'ਤੇ ਅਪ੍ਰੈਲ ਮਹੀਨੇ ਤੋਂ ਉਨ੍ਹਾਂ ਵਲੋਂ ਨਵੇਂ ਰੇਟ ਲਾਗੂ ਕੀਤੇ ਜਾਣਗੇ। ਇਸ ਦੇ ਨਾਲ ਹੀ ਬੀਤੇ ਦਿਨ੍ਹਾਂ ਦੌਰਾਨ ਨਜਦੀਕੀ ਪਿੰਡਾਂ ਦੇ ਵਾਸੀਆਂ ਦੀਆਂ ਟੋਲ ਟੈਕਸ ਦੇਣ ਨੂੰ ਲੈਅ ਕੇ ਸਾਹਮਣੇ ਆ ਰਹੀਆਂ ਕੁਝ ਕਥਿਤ ਸ਼ਿਕਾਇਤਾਂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਲੋਕਾਂ ਦੀ ਸਹੂਲਤ ਨੂੰ ਧਿਆਨ ਹਿੱਤ ਰੱਖਦਿਆਂ ਟੋਲ ਪਲਾਜ਼ਾ ਦੇ ਦੋਨੋਂ ਤਰਫ 10-10 ਕਿਲੋਮੀਟਰ ਕੁਲ 20 ਕਿਲੋਮੀਟਰ ਦੇ ਘੇਰੇ ਵਿੱਚ ਖਾਸਕਰ ਕਾਰਾਂ ਲਈ 330 ਰੁਪਏ ਦੇ ਮਹੀਨੇਵਾਰ ਪਾਸ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।
ਸਥਾਨਕ ਲੋਕਾਂ ਲਈ ਸਹੂਲਤ: ਟੋਲ ਪਲਾਜ਼ਾ ਵੱਲੋਂ ਪਾਸ ਹੋਲਡਰ ਵਾਹਨ 9 ਹਜ਼ਾਰ 999 ਵਾਰ ਟੋਲ ਪਲਾਜ਼ਾ ਤੋਂ ਅੱਪ ਡਾਊਨ ਕਰ ਸਕਦਾ ਹੈ। ਇਸੇ ਤਰਾਂ 990 ਰੁਪਏ ਵਿੱਚ 3 ਮਹੀਨੇ ਦਾ ਪਾਸ ਵੀ ਬਣਵਾਇਆ ਜਾ ਸਕਦਾ ਹੈ। ਜਿਸ ਵਿੱਚ ਪਾਸ ਹੋਲਡਰ ਨੂੰ 29 ਹਜ਼ਾਰ 997 ਅੱਪ ਡਾਊਨ ਮਿਲਣਗੇ। ਜਿਆਦਾ ਜਾਮ ਰਹਿਣ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਐਨ. ਐਚ. ਏ. ਆਈ ਵੱਲੋਂ ਉਨ੍ਹਾਂ ਨੂੰ 8 ਲੇਨ ਦੀ ਮਨਜੂਰੀ ਦਿੱਤੀ ਗਈ ਹੈ ਅਤੇ ਲਗਾਤਾਰ ਉਨ੍ਹਾਂ ਦੇ ਸਟਾਫ ਵਲੋਂ ਜਲਦ ਤੋਂ ਜਲਦ ਵਾਹਨ ਕੱਢਣ ਦੀ ਕੋਸ਼ਿਸ਼ ਰਹਿੰਦੀ ਹੈ।