ਅੰਮ੍ਰਿਤਸਰ: ਜ਼ਿਲ੍ਹੇ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਸਵਸਥ ਭਾਰਤ ਅਭਿਮਾਨ (swasat bharat abhiyan) ਮੁਹਿੰਮ ਦੇ ਤਹਿਤ ਇੱਕ ਸੂਬਾ ਪੱਧਰੀ ਸਮਾਗਮ ਕਰਾਵਇਆ ਗਿਆ। ਇਸ ਸਮਾਗਮ ਦੇ ਵਿੱਚ ਸਫਾਈ ਦੇ ਪੱਧਰ ਤੇ ਮੋਹਰੀ ਰਹੇ ਹਸਪਤਾਲਾਂ (Hospitals) ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਸੂਬੇ ਦੇ ਹਸਪਤਾਲਾਂ ਦੀ ਦਸ਼ਾ ਸੁਧਾਰਨ ਦੇ ਲਈ 2.12 ਕਰੋੜ ਰੁਪਏ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਸੂਬੇ ਦੇ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਦੇ ਵੱਲੋਂ ਦਿੱਤੀ ਗਈ ਹੈ। ਸੂਬੇ ਦੇ ਵਿੱਚ ਮੋਹਰੀ ਰਹੇ ਹਸਪਤਾਲਾਂ ਦੇ ਵਿੱਚ ਗੁਰਦਾਸਪੁਰ ਦਾ ਸ਼ਹੀਦ ਭਗਤ ਸਿੰਘ ਨਗਰ ਪਹਿਲੇ ਅਤੇ ਅੰਮ੍ਰਿਤਸਰ ਦੂਜੇ ਸਥਾਨ ਉੱਪਰ ਰਿਹਾ ਹੈ।
ਓਪੀ ਸੋਨੀ ਨੇ ਦੱਸਿਆ ਕਿ ਜੋ ਹਸਪਤਾਲਾਂ ਨੂੰ ਰਾਸ਼ੀ ਜਾਰੀ ਕੀਤੀ ਗਈ ਹੈ ਇਸ ਰਾਸ਼ੀ ਨੂੰ ਜਿੱਥੇ ਹਸਪਤਾਲਾਂ ਨੂੰ ਸਾਫ ਸੁਥਰਾ ਰੱਖਣ ਤੇ ਵਿਕਾਸ ਦੇ ਹੋਰ ਕੰਮਾਂ ਵਿੱਚ ਵਰਤਿਆ ਜਾਵੇਗਾ ਇਸਦੇ ਨਾਲ ਹੀ ਹਸਪਤਾਲ ਦੇ ਸਟਾਫ ਨੂੰ ਵੀ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਦਾ ਵੀ ਹੌਸਲਾ ਵਧ ਸਕੇ। ਨਾਲ ਹੀ ਸੋਨੀ ਨੇ ਕਿਹਾ ਕਿ ਹਸਪਤਾਲਾਂ ਨੂੰ ਸਨਮਾਨਿਤ ਇਸ ਲਈ ਕੀਤਾ ਗਿਆ ਹੈ ਤਾਂ ਕਿ ਬਾਕੀ ਦੇ ਹਸਪਤਾਲ ਇਸਨੂੰ ਵੇਖ ਹਸਪਤਾਲਾਂ ਦੀ ਸਫਾਈ ਵੱਲ ਧਿਆਨ ਦੇਣ।
ਡਿਪਟੀ ਸੀਐਮ ਨੇ ਰਾਜ ਭਰ ਵਿੱਚੋਂ ਆਏ ਸਿਵਲ ਸਰਜਨਾਂ ਅਤੇ ਡਿਪਟੀ ਮੈਡੀਕਲ ਅਫਸਰਾਂ ਨੂੰ ਮੁਖ਼ਾਤਿਬ ਹੁੰਦੇ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਹਸਪਤਾਲਾਂ ਦੇ ਚੌਗਿਰਦੇ ਦਾ ਆਪਣੇ ਘਰਾਂ ਵਾਂਗ ਖਿਆਲ ਰੱਖੀਏ ਉਨ੍ਹਾਂ ਕਿਹਾ ਕਿ ਮਰੀਜਾਂ ਦਾ ਵਿਸ਼ਵਾਸ ਸਰਕਾਰੀ ਹਸਪਤਾਲਾਂ ਪ੍ਰਤੀ ਬਣਿਆ ਰਹੇ ਇਸ ਲਈ ਜ਼ਰੂਰੀ ਹੈ ਕਿ ਡਾਕਟਰ ਨਿੱਜੀ ਮੁਫਾਦ ਨੂੰ ਤਿਲਾਂਜਲੀ ਦੇ ਮਰੀਜ਼ਾਂ ਦੀ ਸਿਹਤ ਦਾ ਧਿਆਨ ਰੱਖਣ।
ਇਸ ਦੌਰਾਨ ਉਨ੍ਹਾਂ ਨੇ ਡੇਂਗੂ ਦੇ ਮੌਜੂਦਾ ਸੰਕਟ ਮੌਕੇ ਸਿਹਤ ਵਿਭਾਗ ਨੂੰ ਕੋਰੋਨਾ ਦੀ ਤਰ੍ਹਾਂ ਦਿਨ ਰਾਤ ਇਕ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਇਹ ਸੰਕਟ ‘ਤੇ ਕਾਬੂ ਪਵੇਗਾ ਪਰ ਇਸ ਲਈ ਉਨ੍ਹਾਂ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਕਾਰਵਾਈ ਕਰੋ ਜਿੱਥੇ ਡੇਂਗੂ ਦੇ ਕੇਸ ਵਧ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਵਾਈਆਂ ਅਤੇ ਹੋਰ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਹੈ ਪਰ ਇਸ ਨੂੰ ਲੋੜਵੰਦ ਤੱਕ ਪਹੁੰਚਾਉਣਾ ਤੁਹਾਡਾ ਕੰਮ ਹੈ।