ਅੰਮ੍ਰਿਤਸਰ: ਥਾਣਾ ਸੁਲਤਾਨਵਿੰਡ ਅਧੀਨ ਇਲਾਕੇ ਵਿੱਚ ਗੁੱਲੀ ਡੰਡਾ ਖੇਡਣ ਨੂੰ ਲੈ ਕੇ ਦੋ ਨੌਜਵਾਨਾਂ ਵਿੱਚ ਤਕਰਾਰ ਹੋ ਗਿਆ ਜਿਸ ਦੇ ਚਲਦੇ ਇਕ ਨੌਜਵਾਨ ਨੇ ਦੂਸਰੇ ਨੌਜਵਾਨ ਉੱਤੇ ਘੁੱਗੀ ਮਾਰ ਪਿਸਤੌਲ ਤਾਣੀ ਦਿੱਤੀ। ਇਸਦੇ ਚੱਲਦੇ ਅਕਾਲੀ ਦਲ ਦੇ ਆਗੂ ਤਲਬੀਰ ਗਿੱਲ ਦੀ ਅਗਵਾਈ ਚ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਮਾਮਲੇ ਨੂੰ ਲੈਕੇ ਪੀੜਤ ਨੌਜਵਾਨ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਤਾਂ ਪੁਲਿਸ ਨੇ ਉਸ ਉੱਤੇ ਕੋਈ ਉਚਿਤ ਕਾਰਵਾਈ ਨਾ ਕੀਤੀ । ਕਾਰਵਾਈ ਦੀ ਮੰਗ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਗਿੱਲ ਵੱਲੋਂ ਥਾਣਾ ਸੁਲਤਾਨਵਿੰਡ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਦੌਰਾਨ ਤਲਬੀਰ ਗਿੱਲ ਨੇ ਕਿਹਾ ਕਿ ਜੇ ਜਲਦ ਕੋਈ ਕਾਰਵਾਈ ਨਾ ਹੋਈ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਪੁਲਿਸ ਦੀ ਕਾਰਗੁਜਾਰੀ ਤੇ ਹੋਰ ਵੀ ਕਈ ਸਵਾਲ ਖੜ੍ਹੇ ਕੀਤੇ।
ਦੂਜੇ ਪਾਸੇ ਪੁਲਿਸ ਨੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪਹਿਲਾਂ ਹੀ ਦੱਸਿਆ ਹੈ ਕਿ ਦੋਵੇਂ ਨੌਜਵਾਨ ਖੇਡਦੇ-ਖੇਡਦੇ ਲੜੇ ਹਨ ਤੇ ਇਸ ਦੌਰਾਨ ਇੱਕ ਵੱਲੋਂ ਘੁੱਗੀ ਮਾਰ ਪਿਸਤੌਲ ਤਾਣੀ ਗਈ । ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਵੀ ਕੀਤਾ ਗਿਆ ਪਰ ਕੁਝ ਲੋਕ ਬਾਹਰ ਨਾਜਾਇਜ਼ ਧਰਨਾ ਪ੍ਰਦਰਸ਼ਨ ਕਰ ਕੇ ਆਪਣਾ ਦਬਾਅ ਬਣਾ ਕੇ ਗ਼ਲਤ ਕਾਰਵਾਈ ਕਰਵਾਉਣਾ ਚਾਹੁੰਦੇ ਹਨ ।