ਅੰਮ੍ਰਿਤਸਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵਜਵਾੜਾ ਤੋਂ ਕੁਝ ਵਿਅਕਤੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪਹੁੰਚ ਕੇ ਸ਼ਿਕਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿੰਡ ਤਾਜੇਵਾਲ ਵਿਖੇ ਰਹਿ ਰਹੇ ਸੰਤ ਮਹਾਂਵੀਰ ਸਿੰਘ ਵੱਲੋਂ ਸਿੱਖਾਂ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਹਾਂਵੀਰ ਸਿੰਘ ਜਿੱਥੇ ਅਫ਼ੀਮ ਦਾ ਨਸ਼ਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਬੈਠ ਕੇ ਗੁਰਬਾਣੀ ਪੜ੍ਹਦਾ ਹੈ, ਉੱਥੇ ਹੀ ਉਸ ਦੀ ਹਰਿਦੁਆਰ ਦੇ ਇੱਕ ਮਾਮਲੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਥੱਲ੍ਹੇ 1 ਕਿਲੋ ਅਫ਼ੀਮ ਲੁਕੋ ਕੇ ਲਿਆਉਣ ਬਾਰੇ ਆਡੀਓ ਵਾਇਰਲ ਹੋ ਚੁੱਕੀ ਹੈ।
ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਉੱਥੇ ਹੀ ਸੰਤ ਮਹਾਂਵੀਰ ਅੰਮ੍ਰਿਤ ਛਕ ਕੇ ਸਿੱਖੀ ਸਿਧਾਂਤਾਂ ਦੀ ਖਿੱਲੀ ਉਡਾ ਰਿਹਾ ਹੈ। ਇਸ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦੇਣ ਲਈ ਪਹੁੰਚੇ ਹਨ। ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਮਹਾਂਵੀਰ ਸਿੰਘ ਦੀ ਆਡੀਓ ਤੇ ਹੋਰ ਸਬੂਤ ਦਫ਼ਤਰ ਵਿੱਚ ਜਮ੍ਹਾ ਕਰਵਾਉਣਗੇ।
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਸ ਮਹਾਂਵੀਰ ਸਿੰਘ ਦੀਆਂ ਮਾੜੀਆਂ ਕਰਤੂਤਾਂ ਬਾਰੇ ਉਸ ਨੇ ਫੇਸਬੁੱਕ ਉੱਪਰ ਜਾਣਕਾਰੀ ਪਾਈ ਤਾਂ ਪੁਲੀਸ ਨੇ ਉਸ ਦੇ ਖ਼ਿਲਾਫ਼ 153 ਧਾਰਾ ਲਾ ਕੇ ਪਰਚਾ ਕਰ ਦਿੱਤਾ ਤੇ ਦੂਜੇ ਪਾਸੇ ਸੰਤ ਮਹਾਂਵੀਰ ਸ਼ਰੇਆਮ ਘਿਨੋਣੀਆਂ ਹਰਕਤਾਂ ਕਰ ਰਿਹਾ ਹੈ। ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਕਿ ਸੰਤ ਮਹਾਵੀਰ ਸਿੰਘ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਸਿੱਖ ਕੌਮ ਦਾ ਨਾਂਅ ਬਦਨਾਮ ਨਾ ਹੋਵੇ।