ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ: ਗੋਂਡ ਮਹਲਾ ੪ ॥ ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥ ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥ ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥ ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥ ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥ ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥ ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥ ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥ ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥ ਵੀਰਵਾਰ, ੮ ਹਾੜ (ਸੰਮਤ ੫੫੫ ਨਾਨਕਸ਼ਾਹੀ) ੨੨ ਜੂਨ, ੨੦੨੩ (ਅੰਗ: ੮੬੧)
ਪੰਜਾਬੀ ਵਿਆਖਿਆ: ਹੇ ਮਨ! (ਜਗਤ ਵਿਚ) ਜਿਤਨੇ ਭੀ ਸ਼ਾਹ ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿੱਸਦੇ ਹਨ) ਇਹ ਸਾਰੇ ਨਾਸਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ । ਸਿਰਫ਼ ਪਰਮਾਤਮਾ ਹੀ ਨਾਸ-ਰਹਿਤ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ । ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ ।੧।ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਅਟੱਲ ਆਸਰਾ ਹੈ । ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ, ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਝਲ ਨਹੀਂ ।੧।ਰਹਾਉ।
ਹੇ ਮੇਰੇ ਮਨ! (ਦੁਨੀਆ ਵਿਚ) ਜਿਤਨੇ ਭੀ ਧਨ ਵਾਲੇ, ਉੱਚੀ ਕੁਲ ਵਾਲੇ, ਜ਼ਮੀਨਾਂ ਦੇ ਮਾਲਕ ਦਿੱਸ ਰਹੇ ਹਨ, ਇਹ ਸਾਰੇ ਨਾਸ ਹੋ ਜਾਣਗੇ, (ਇਹਨਾਂ ਦਾ ਵਡੱਪਣ ਇਉਂ ਹੀ ਕੱਚਾ ਹੈ) ਜਿਵੇਂ ਕਸੁੰਭੇ ਦਾ ਰੰਗ ਕੱਚਾ ਹੈ । ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਦਾ ਸਿਮਰ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜਿਸ ਦੀ ਰਾਹੀਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ।੨।(ਹੋ ਮਨ ! ਸਾਡੇ ਦੇਸ ਵਿਚ) ਬ੍ਰਾਹਮਣ, ਖੜ੍ਹੀ, ਵੈਸ਼, ਸ਼ੂਦਰ—ਇਹ ਚਾਰ (ਪ੍ਰਸਿੱਧ) ਵਰਨ ਹਨ, (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ—ਇਹ) ਚਾਰ ਆਸ਼੍ਰਮ (ਪ੍ਰਸਿੱਧ) ਹਨ । ਇਹਨਾਂ ਵਿਚੋਂ ਜੇਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ (ਸਭ ਤੋਂ) ਸ੍ਰੇਸ਼ਟ ਹੈ (ਜਾਤੀ ਆਦਿਕ ਕਰਕੇ ਨਹੀਂ) । ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵੱਸਦਾ ਹੈ (ਤੇ ਸੁਗੰਧਿਤ ਹੋ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ ਵਿਕਾਰੀ ਭੀ (ਪਵਿਤੱਰ ਹੋ ਕੇ) ਕਬੂਲ ਹੋ ਜਾਂਦਾ ਹੈ ।੩।ਹੇ ਮਨ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਹੋਰ ਸਭਨਾਂ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ । (ਹੇ ਭਾਈ!) ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਂਦਾ ਹੈ, ਜੇਹੜਾ ਪ੍ਰਭੂ ਦਾ ਸੇਵਕ ਹੇ ਪ੍ਰਭੂ ਦਾ ਭਗਤ ਹੈ, ਭਾਵੇਂ ਉਹ ਜਾਤੀ ਵਲੋਂ ਨੀਚ ਹੀ (ਗਿਣਿਆ ਜਾਂਦਾ) ਹੈ।੪।੪। (ਐੱਸਜੀਪੀਸੀ)