ਪੰਜਾਬੀ ਵਿਆਖਿਆ:
ਸੋਰਠਿ ਮਹਲਾ ਤੀਜਾ ਘਰੁ ਪਹਿਲਾ ਤਿਹਕੀ ੴ ਸਤਿਗੁਰ ਪ੍ਰਸਾਦਿ॥
ਹੇ ਹਰਿ, ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਬਣਾਏ ਰੱਖਦਾ ਹੈ। ਜਦੋਂ ਤੋਂ ਦੁਨੀਆ ਬਣੀ ਹੈ, ਉਦੋਂ ਤੋਂ ਦੁਨੀਆ ਸਿਰਜਣ ਵਾਲੇ ਪ੍ਰਮਾਤਮਾ ਨੇ ਭਗਤਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ। ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸ਼ਰਧਾਲੂਆਂ ਦੀ ਤੂੰ ਇੱਜ਼ਤ ਰੱਖੀ ਹੈ। ਤੂੰ ਹਰਣਾਖ਼ਸ਼ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰਿ, ਜਿਹੜੇ ਮਨੁੱਖ ਗੁਰੂ ਦੇ ਸਨਮੁੱਖ ਰਹਿੰਦੇ ਹਨ, ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਤੂੰ ਭਗਤਾਂ ਦੀ ਇਜ਼ਤ ਰੱਖਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭੱਟਕਣਾ ਵਿੱਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧। ਹੇ ਹਰਿ, ਮੇਰੇ ਸੁਆਮੀ, ਭਗਤ ਤੇਰੀ ਸ਼ਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰਿ, ਭਗਤਾਂ ਦੀ ਇੱਜ਼ਤ ਹੀ ਤੇਰੀ ਹੀ ਇੱਜ਼ਤ ਹੈ। ਰਹਾਉ।
ਹੇ ਭਾਈ, ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ। ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁੱਕਦਾ, ਕਿਉਂਕਿ ਮੌਤ ਦੇ ਡਰ ਦੇ ਥਾਂ ਸਿਰਫ਼ ਪ੍ਰਮਾਤਮਾ ਦਾ ਨਾਮ ਉਨ੍ਹਾਂ ਦੇ ਮਨ ਵਿੱਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ ਮੌਤ ਦੇ ਡਰ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੇ ਰਾਹੀਂ ਗੁਰੂ ਸ਼ਰਨ ਵਿੱਚ ਪੈ ਕੇ ਆਤਮਿਕ ਅਡੋਲਤਾ ਵਿਚ ਪ੍ਰਭੂ-ਪਿਆਰ 'ਚ ਟਿਕ ਜਾਂਦੇ ਨੇ। ਇਸ ਲਈ ਸਭ ਕਰਾਮਾਤੀ ਤਾਕਤਾਂ ਤੇਰੇ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।
ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪ੍ਰਮਾਤਮਾ ਉੱਤੇ ਯਕੀਨ ਨਹੀਂ ਬੱਝਦਾ, ਉਨ੍ਹਾਂ ਦੇ ਅੰਦਰ ਲੋਭ ਭਰੀ ਗ਼ਰਜ਼ ਟਿਕੀ ਰਹਿੰਦੀ ਹੈ। ਗੁਰੂ ਦੀ ਸ਼ਰਨ ਪੈ ਕੇ ਉਨ੍ਹਾਂ ਮਨਮੁਖਾਂ (ਮਨ ਮੋਹ ਮੋੜਨ ਵਾਲਿਆਂ) ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਵਿੱਝਦਾ, ਪ੍ਰਮਾਤਮਾ ਦੇ ਨਾਮ ਵਿੱਚ ਉਨ੍ਹਾਂ ਦਾ ਪਿਆਰ ਨਹੀਂ ਬਣਦਾ। ਮਨਮੁਖਾਂ ਦਾ ਬੋਲ ਵੀ ਰੁੱਖਾ ਹੁੰਦਾ ਹੈ, ਪਰ ਉਨ੍ਹਾਂ ਦਾ ਝੂਠ ਉੱਤੇ ਠੱਗੀ ਦਾ ਪਾਜ ਉੱਘੜ ਹੀ ਜਾਂਦਾ ਹੈ।੩।
ਹੇ ਪ੍ਰਭੂ, ਆਪਣੇ ਭਗਤਾਂ ਵਿੱਚ ਥਾਂ ਆਪ ਕੰਮ ਕਰਦਾ ਹੈ, ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ। ਪਰ, ਹੇ ਪ੍ਰਭੂ, ਮਾਇਆ ਦਾ ਮੋਹ ਵੀ ਤੇਰੀ ਹੀ ਰਚਨਾ ਹੈ। ਤੂੰ ਆਪ ਹੀ ਸਰਬ-ਵਿਆਪਕ ਹੈ, ਤੇ ਰਚਨਹਾਰ ਹੈ, ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਮਨ ਦਾ ਫੁਰਨਾ ਮਨ ਵਿੱਚ ਹੀ ਲੀਨ ਕਰ ਦਿੱਤਾ ਹੈ। ਉਨ੍ਹਾਂ ਨੇ ਹੇ ਪ੍ਰਭੂ, ਤੇਰੇ ਨਾਲ ਸਾਂਝ ਪਾ ਲਈ ਹੈ।੪।
ਹੇ ਪ੍ਰਭੂ, ਜਿਨ੍ਹਾਂ ਨੂੰ ਤੇਰਾ ਹਰਿ-ਨਾਮ ਪਿਆਰਾ ਲੱਗਦਾ ਹੈ, ਤੂੰ ਉਨ੍ਹਾਂ ਦੇ ਕੰਮ ਕਰ ਦਿੰਦਾ ਹੈ, ਉਨ੍ਹਾਂ ਨੂੰ ਸਫ਼ਲ ਬਣਾਉਂਦਾ ਹੈ। ਉਨ੍ਹਾਂ ਨੂੰ ਕੋਈ ਚਿੰਤਾ-ਫ਼ਿਕਰ ਹੀ ਨਹੀਂ ਹੁੰਦੀ। ਹੇ ਭਾਈ, ਗੁਰੂ ਦੀ ਕ੍ਰਿਪਾ ਨਾਲ, ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਸਦਾ ਵੱਸਿਆ ਰਹਿੰਦਾ ਹੈ, ਪ੍ਰਮਾਤਮਾ ਉਨ੍ਹਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ, ਜਿਨ੍ਹਾਂ ਮਨੁੱਖਾਂ ਦਾ ਰਾਖਾ ਪ੍ਰਮਾਤਮਾ ਆਪ ਬਣਦਾ ਹੈ, ਉਨ੍ਹਾਂ ਦੀ ਬਰਾਬਰੀ ਜਿਹੜਾ ਵੀ ਮਨੁੱਖ ਕਰਦਾ ਹੈ, ਉਹ ਖ਼ੁਆਰ ਹੁੰਦਾ ਹੈ।੫।
ਹੇ ਭਾਈ, ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਕਿਸੇ ਮਨੁੱਖ ਨੇ ਵੀ ਪ੍ਰਮਾਤਮਾ ਦਾ ਮਿਲਾਪ ਹਾਸਿਲ ਨਹੀਂ ਕੀਤਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫ਼ਿਜ਼ੂਲ ਬੋਲ ਕੇ ਦਿਲਕ ਵਿਲਕ ਕੇ ਆਤਮਿਕ ਮੌਤ ਸਹੇੜ ਲੈਂਦੇ ਹਨ। ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਆਤਮਿਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ ਅਤੇ ਇਸ ਤਰ੍ਹਾਂ ਆਤਮਿਕ ਅਡੋਲਤਾ ਵਿੱਚ ਸਦਾ ਸਥਿਰ ਹਰਿ-ਨਾਮ ਵਿੱਚ ਲੀਨ ਰਹਿੰਦਾ ਹੈ।੬।
ਹੇ ਭਾਈ, ਗੁਰੂ ਦੀ ਸ਼ਰਨ ਪੈਣ ਤੋਂ ਬਿਨ੍ਹਾਂ ਮਨੁੱਖ ਨੂੰ ਜਨਮਾਂ ਦਾ ਗੇੜ ਨਹੀਂ ਛੱਡਦਾ, ਫਿਰ ਚਾਹੇ ਉਹ ਭਾਵੇਂ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦਾ ਰਹੇ। ਪੰਡਿਤ ਲੋਕ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਦੇ ਹਨ, ਅਤੇ ਉਨ੍ਹਾਂ ਬਾਬਤ ਨਿਰੀਆਂ ਬਹਿਸਾਂ ਹੀ ਕਰਦੇ ਹਨ। ਯਕੀਨ ਜਾਣੋ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਉਨ੍ਹਾਂ ਨੇ ਪ੍ਰਭੂ-ਦਰ ਉੱਤੇ ਆਪਣੀ ਇੱਜ਼ਤ ਗੁਆ ਲਈ ਹੈ।
ਹੇ ਭਾਈ, ਗੁਰੂ ਸਦਾ ਸਥਿਰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਹੈ। ਉਸ ਦੀ ਬਾਣੀ ਵੀ ਪ੍ਰਮਾਤਮਾ ਦੀ ਸਿਫ਼ਤਿ ਸਾਲਾਹਿ ਵਾਲੀ ਹੈ। ਜਿਹੜੇ ਮਨੁੱਖ ਦੌੜ ਕੇ ਗੁਰੂ ਦੀ ਸ਼ਰਨ ਜਾ ਪੈਂਦੇ ਹਨ, ਉਹ ਆਤਮਿਕ ਮੌਤ ਤੋਂ ਬਚ ਜਾਂਦੇ ਹਨ।੭। ਹੇ ਭਾਈ, ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪ੍ਰਮਾਤਮਾ ਆ ਵੱਸਦਾ ਹੈ। ਉਹ ਮਨੁੱਖ ਸਦਾ ਸਥਿਰ ਪ੍ਰਭੂ ਦੇ ਦਰ 'ਤੇ ਸੁਰਖ਼ ਰੂ ਹੋ ਜਾਂਦੇ ਨੇ। ਉਨ੍ਹਾਂ ਮਨੁੱਖਾਂ ਦੀ ਵਡਿਆਈ ਹਰੇਕ ਜੁਗ ਵਿੱਚ ਹੀ ਹੁੰਦੀ ਹੈ, ਕੋਈ ਨਿੰਦਾ ਆਦਿ ਉਨ੍ਹਾਂ ਦੀ ਇਸ ਹੋ ਰਹੀ ਵਡਿਆਈ ਨੂੰ ਮਿਟਾ ਨਹੀਂ ਸਕਦਾ। ਨਾਨਕ ਆਖਦੇ ਨੇ ਕਿ ਮੈਂ ਉਨ੍ਹਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਹੈ।੮।੧।
ਇਹ ਵੀ ਪੜ੍ਹੋ: Love horoscope: ਕੀ ਪ੍ਰੇਮੀ ਨਾਲ ਹੋਵੇਗਾ ਮੇਲ, ਜਾਣੋ ਅੱਜ ਦਾ ਲਵ ਰਾਸ਼ੀਫਲ