ਪੰਜਾਬੀ ਵਿਆਖਿਆ: ਜੈਤਸਰੀ ਮਹਲਾ ੫ ਘਰੁ ੨ ਛੰਤ, ੴ ਸਤਿਗੁਰ ਪ੍ਰਸਾਦਿ॥ ਸਲੋਕੁ॥ ਨਾਨਕ ਆਖਦੇ ਹਨ, ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ ਸਰਨ ਆਏ ਦੀ ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ। ਹੇ ਸਭ ਤੋਂ ਉੱਚੇ! ਹੋ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ ।੧। ਛੰਤੁ । ਹੇ ਹਰੀ, ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋਂ ਤਿਵੇਂ ਮਾਇਆ ਦੇ ਮੋਹ ਤੋਂ ਮੇਰੀ ਰੱਖਿਆ ਕਰ। ਮੈਂ ਆਪਣੇ ਕਿਤਨੇ ਕੁ ਔਗਣ ਗਿਣਾਂ ? ਮੇਰੇ ਅੰਦਰ ਅਣਗਿਣਤ ਔਗਣ ਹਨ। ਹੇ ਪ੍ਰਭੂ ! ਮੇਰੇ ਅਣਿਗਣਤ ਹੀ ਔਗਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ। ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ। ਅਸੀਂ ਜੀਵ ਦੁਖਦਾਈ ਵਿਕਾਰ ਆਪਣੇ ਵਲੋਂ ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ ਸਾਡੇ ਨਾਲ ਹੀ ਦੱਸਦਾ ਹੈਂ। ਨਾਨਕ ਬੇਨਤੀ ਕਰਦਾ ਹੈ ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਗੇੜ ਵਿਚੋਂ ਕੱਢ ਲੈ ।੧।
ਹੇ ਭਾਈ, ਪ੍ਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਨਾ ਨਹੀਂ ਹੋ ਸਕਦਾ, ਉਸ ਦਾ ਨਾਮਣਾ (ਦੜੱਪਨ) ਸਭ ਤੋਂ ਉੱਚਾ ਹੈ। ਨਾਨਕ ਦੀ ਉਸੇ ਦੇ ਦਰ ਤੇ ਹੀ ਅਰਦਾਸ ਹੈ ਕਿ ਮੈਨੂੰ ਨਿਆਸਰੇ ਨੂੰ ਉਸ ਦੇ ਚਰਨਾਂ ਵਿਚ ਥਾਂ ਮਿਲ ਜਾਏ ।੨। ਛੰਤੁ । ਹੇ ਭਾਈ! ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, ਪਰਮਾਤਮਾ ਦਾ ਦਰ ਛੱਡ ਕੇ ਅਸੀਂ ਕਿਸ ਦੇ ਪਾਸ ਜਾ ਸਕਦੇ ਹਾਂ ? ਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ।
ਹੇ ਭਾਈ, ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ ਉਸ ਦੇ ਦਰ ਤੋਂ ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ। ਆਪਣੇ ਅੰਦਰੋਂ ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਝੰੜ ਤਿਆਗ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤਿ ਜੋੜਨੀ ਚਾਹੀਦੀ ਹੈ। ਹੇ ਭਾਈ, ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ ਆਪਣੇ ਅੰਦਰੋਂ ਸਾਰਾ ਆਪਾ-ਭਾਵ ਮਿਟਾ ਦੇਣਾ ਚਾਈਦਾ ਹੈ। ਨਾਨਕ ਤਾਂ ਪ੍ਰਭੂ ਦੇ ਦਰ ਤੇ ਹੀ ਬੇਨਤੀ ਕਰਦਾ ਹੈ ਤੇ ਆਖਦਾ ਹੈ - ਹੇ ਪ੍ਰਭੂ! ਮੇਹਰ ਕਰ ਤੇਰੀ ਮੇਹਰ ਨਾਲ ਹੀ ਤੇਰੇ ਸਦਾ ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਸਕੀਦਾ ਹੈ ।੨। ਹੇ ਮੇਰੇ ਮਨ, ਜਿਸ ਪਰਮਾਤਮਾ ਦੇ ਹੱਥ ਵਿਚ ਸਾਡੀ ਹਰੇਕ ਜੀਵਨ ਜੁਗਤਿ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ।
ਹੇ ਨਾਨਕ, ਪ੍ਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, ਇਹੀ ਧਨ ਸਾਡੇ ਨਾਲ ਸਾਥ ਕਰਦਾ ਹੈ ।੩। ਛੰਤੁ । ਹੇ ਭਾਈ! ਸਿਰਫ਼ ਪਰਮਾਤਮਾ ਹੀ ਸਦਾ ਨਾਲ ਨਿਭਣ ਵਾਲਾ ਸਾਥੀ ਹੈ, ਉਸ ਤੋਂ ਬਿਨਾਂ ਹੋਰ ਕੋਈ ਸਾਥੀ ਨਹੀਂ। ਉਹੀ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਹਰੇਕ ਥਾਂ ਵਿਚ ਵੱਸ ਰਿਹਾ ਹੈ। ਹੋ ਭਾਈ! ਉਹ ਮਾਲਕ-ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪ ਰਿਹਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਸ ਗੋਪਾਲ ਗੋਬਿੰਦ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦੇ ਗੁਣ ਬੇਅੰਤ ਹਨ, ਮੈਂ ਉਸ ਦੇ ਗੁਣ ਕੀ ਗਿਣ ਸਕਦਾਂ ਹਾਂ ? ਹੇ ਭਾਈ ! ਉਸ ਮਾਲਕ ਦੀ ਸਰਨ ਪਿਆ ਰਹੁ, ਉਹ ਹੀ ਸਾਰੇ ਸੁਖ ਅਪੜਾਣ ਵਾਲਾ ਹੈ। ਉਸ ਤੋਂ ਬਿਨਾ ਅਸਾਂ ਜੀਵਾਂ ਦਾ ਹੋਰ ਕੋਈ ਸਹਾਰਾ ਨਹੀਂ ਹੈ । ਨਾਨਕ ਬੇਨਤੀ ਕਰਦੇ ਹਨ - ਹੇ ਪ੍ਰਭੂ ! ਜਿਸ ਉਤੇ ਤੂੰ ਮੇਹਰ ਕਰਦਾ ਹੈਂ ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ ।੩।
ਨਾਨਕ ਆਖਦੇ ਹਨ ਹੇ ਭਾਈ, ਪ੍ਰਮਾਤਮਾ ਦਾ ਨਾਮ ਸਿਮਰਿਆ ਕਰ, ਉਸ ਦੇ ਦਰ ਤੋਂ ਸਾਰੇ ਸੁਖ ਮਿਲ ਜਾਂਦੇ ਹਨ, ਮੈਂ ਤਾਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ ਉਸ ਪਾਸੋਂ ਮੰਗੀ ਹੈ, ਉਹ ਮੈਨੂੰ ਸਦਾ ਮਿਲ ਗਈ ਹੈ ।੪। ਛੰਤ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਹੁਣ ਮੇਰਾ ਮਨ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਗਿਆ ਹੈ। ਜਿੰਨਾਂ ਨੇ ਵੀ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿਚ ਲੀਨ ਰਹਿੰਦੀ ਹੈ।
ਹੇ ਭਾਈ, ਪ੍ਰਮਾਤਮਾ ਦਾ ਨਾਮ ਸਿਮਰਿਆਂ ਸਾਰੇ ਪਾਪ ਮਿਟ ਜਾਂਦੇ ਹਨ, ਵਿਕਾਰਾਂ ਦੀ ਸੜਨ ਮੁੱਕ ਜਾਂਦੀ ਹੈ,ਮਨ ਮਾਇਆ ਵੱਲੋਂ ਰੱਜ ਜਾਂਦਾ ਹੈ । ਜਿਨ੍ਹਾਂ ਉੱਤੇ ਪ੍ਰਭੂ ਦਯਾ ਕਰਦਾ ਹੈ, ਜਿੰਨਾ ਦੀ ਬਾਂਹ ਫੜ ਕੋ ਆਪਣੇ ਬਣਾ ਲੈਂਦਾ ਹੈ, ਤੇ, ਆਦਰ ਦਿੰਦਾ ਹੈ, ਜਿੰਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ, ਉਨ੍ਹਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ ਕੇ ਸੁਆਹ ਹੋ ਜਾਂਦੇ ਹਨ। ਨਾਨਕ ਬੇਨਤੀ ਕਰਦੇ ਹਨ ਕਿ ਹੇ ਭਾਈ, ਜਿੰਨਾਂ ਉਤੇ ਪ੍ਰਭੂ ਮੇਹਰ ਕਰਦਾ ਹੈ, ਉਨ੍ਹਾ ਨੂੰ ਇਕ ਪਲ ਵਿਚ ਆਪਣੇ ਨਾਲ ਮਿਲਾ ਲੈਂਦਾ ਹੈ ।੪।੨।
ਇਹ ਵੀ ਪੜ੍ਹੋ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਇਨ੍ਹਾਂ ਰਾਜਨੀਤਿਕ ਦਿੱਗਜ਼ਾ ਨੇ ਦਿੱਤੀ ਸ਼ਰਧਾਂਜਲੀ